15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਸੜਕਾਂ ’ਤੇ ਬੇਖੌਫ ਦੌੜ ਰਹੇ ਜੁਗਾੜੂ ਵਾਹਨ ਹਾਦਸਿਆਂ ਨੂੰ ਦੇ ਰਹੇ ਸੱਦਾ

Ad Position 21
No active advertisement
ਅਜੀਤ ਡੈਸਕ 18-07-2026
ਅੰਮ੍ਰਿਤਸਰ, 17 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸ਼ਹਿਰ ‘ਚ ਜੁਗਾੜੂ ਵਾਹਨਾਂ ਦੀ ਵਧਦੀ ਗਿਣਤੀ ਹੁਣ ਇਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ। ਬਿਨਾਂ ਕਿਸੇ ਕਾਨੂੰਨੀ ਇਜਾਜ਼ਤ, ਰਜਿਸਟਰੇਸ਼ਨ ਜਾਂ ਬੀਮੇ ਦੇ ਚੱਲ ਰਹੇ ਇਹ ਵਾਹਨ ਨਾ ਸਿਰਫ ਟ੍ਰੈਫਿਕ ਪ੍ਰਣਾਲੀ ‘ਚ ਵਿਘਨ ਪਾ ਰਹੇ ਹਨ, ਬਲਕਿ ਆਮ ਲੋਕਾਂ ਦੀ ਸੁਰੱਖਿਆ ਲਈ ਵੀ ਗੰਭੀਰ ਖ਼ਤਰਾ ਪੈਦਾ ਕਰ ਰਹੇ ਹਨ। ਜਾਣਕਾਰੀ ਮੁਤਾਬਕ ਪੁਰਾਣੇ ਸਕੂਟਰ ਤੇ ਮੋਟਰਸਾਈਕਲ ਇੰਜਣਾਂ ਨਾਲ ਜੁੜੀਆਂ ਟਰਾਲੀਆਂ ਤੋਂ ਬਣੇ ਇਹ ਵਾਹਨ ਮੋਟਰ ਵਾਹਨ ਐਕਟ ਦੇ ਦਾਇਰੇ ‘ਚ ਨਹੀਂ ਆਉਂਦੇ, ਜਿਸ ਕਾਰਨ ਇਨ੍ਹਾਂ ‘ਤੇ ਕਾਨੂੰਨੀ ਨਿਯੰਤਰਣ ਲਾਗੂ ਨਹੀਂ ਕੀਤਾ ਜਾ ਸਕਦਾ, ਜਿਸ ਕਾਰਨ ਇਨ੍ਹਾਂ ‘ਤੇ ਸਖ਼ਤੀ ਨਹੀਂ ਹੋ ਰਹੀ। ਇਨ੍ਹਾਂ ਜੁਗਾੜੂ ਵਾਹਨਾਂ ਦੀ ਵਰਤੋਂ ਹੁਣ ਸਿਰਫ਼ ਯਾਤਰੀਆਂ ਨੂੰ ਢੋਣ ਤੱਕ ਹੀ ਸੀਮਤ ਨਹੀਂ ਰਹੀ, ਇਨ੍ਹਾਂ ਦੀ ਵਰਤੋਂ ਇੱਟਾਂ, ਰੇਤ, ਸੀਮੈਂਟ, ਲੋਹੇ ਦੀਆਂ ਰਾਡਾਂ, ਫਰਨੀਚਰ ਅਤੇ ਇੱਥੋਂ ਤੱਕ ਕਿ ਸ਼ੀਸ਼ੇ ਵਰਗੇ ਭਾਰੀ ਸਾਮਾਨ ਨੂੰ ਢੋਣ ਲਈ ਵੀ ਕੀਤੀ ਜਾ ਰਹੀ ਹੈ। ਭਾਰੀ ਓਵਰਲੋਡਿੰਗ ਕਾਰਨ ਇਹ ਵਾਹਨ ਅਕਸਰ ਸੜਕ ਹਾਦਸਿਆਂ ਦਾ ਕਾਰਨ ਬਣਦੇ ਹਨ। ਸਥਾਨਕ ਮਾਲ ਰੋਡ ਵਾਸੀ ਮਨੋਜ ਜੈਨ ਨੇ ਕਿਹਾ ਕਿ ਇਨ੍ਹਾਂ ਵਾਹਨਾਂ ਦੇ ਵਧਦੇ ਰੁਝਾਨ ਕਾਰਨ ਇਕ ਹੋਰ ਵੱਡੀ ਸਮੱਸਿਆ ਸਾਹਮਣੇ ਆਈ ਹੈ, ਹਾਦਸੇ ਦੀ ਸੂਰਤ ‘ਚ ਬੀਮਾ ਕਲੇਮ ਨਹੀਂ ਮਿਲਦਾ ਅਤੇ ਡਰਾਈਵਰ ਦੀ ਜ਼ਿੰਮੇਵਾਰੀ ਤੈਅ ਨਹੀਂ ਕੀਤੀ ਜਾ ਸਕਦੀ। ਅਜਿਹੀ ਸਥਿਤੀ ‘ਚ ਪੀੜਤਾਂ ਲਈ ਇਨਸਾਫ਼ ਪ੍ਰਾਪਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਰੂਰੀ ਹੋ ਗਿਆ ਹੈ ਕਿ ਟਰਾਂਸਪੋਰਟ ਵਿਭਾਗ, ਪੁਲਿਸ ਪ੍ਰਸ਼ਾਸਨ ਅਤੇ ਨਗਰ ਨਿਗਮ ਇਕੱਠੇ ਹੋ ਕੇ ਇਨ੍ਹਾਂ ਗ਼ੈਰ-ਕਾਨੂੰਨੀ ਵਾਹਨਾਂ ਵਿਰੁੱਧ ਸਖ਼ਤ ਮੁਹਿੰਮ ਚਲਾਉਣ। ਗੋਲਡਨ ਐਵੇਨਿਊ ਵਾਸੀ ਪ੍ਰੋ. ਸੰਦੀਪ ਕੁਮਾਰ ਨੇ ਕਿਹਾ ਕਿ ਇਹ ਵਾਹਨ ਖੁੱਲ੍ਹੇਆਮ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਹਨ, ਪਰ ਸਥਾਨਕ ਪੁਲਿਸ, ਟ੍ਰੈਫਿਕ ਵਿਭਾਗ ਅਤੇ ਆਰ. ਟੀ. ਓ. ਵਲੋਂ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ। ਇਹ ਪ੍ਰਸ਼ਾਸਨਿਕ ਉਦਾਸੀਨਤਾ ਨਾ ਸਿਰਫ਼ ਜਨਤਾ ਦੀਆਂ ਜਾਨਾਂ ਨੂੰ ਜੋਖ਼ਮ ‘ਚ ਪਾ ਰਹੀ ਹੈ ਬਲਕਿ ਸਰਕਾਰ ਨੂੰ ਮਾਲੀਏ ਦਾ ਨੁਕਸਾਨ ਵੀ ਕਰ ਰਹੀ ਹੈ। ਇਸ ਲਈ ਅਜਿਹੇ ਵਾਹਨਾਂ ਨੂੰ ਜ਼ਬਤ ਕੀਤਾ ਜਾਵੇ ਅਤੇ ਚਾਲਕਾਂ ‘ਤੇ ਭਾਰੀ ਜੁਰਮਾਨੇ ਕੀਤੇ ਜਾਣ ਤਾਂ ਜੋ ਕਾਨੂੰਨ ਦਾ ਡਰ ਬਣਿਆ ਰਹੇ ਅਤੇ ਆਮ ਲੋਕਾਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਨਤਾ ਦੀ ਸੁਰੱਖਿਆ ਅਤੇ ਸੁਚੱਜੇ ਢੰਗ ਨਾਲ ਆਵਾਜਾਈ ਲਈ ਇਹ ਕਦਮ ਸਮੇਂ ਦੀ ਲੋੜ ਬਣ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਹਲਕਾ ਰਾਜਾਸਾਂਸੀ ਦੇ ਸਰਕਲ ਪ੍ਰਧਾਨਾਂ ਦੀ ਹਲਕਾ ਪੱਧਰੀ ਇਕੱਤਰਤਾ ਅਗਲੀ ਖ਼ਬਰ ਭਲਾਈ ਕੇਂਦਰ ਵਿਖੇ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ
Ad Position 24