ਅੰਮ੍ਰਿਤਸਰ, 28 ਜੁਲਾਈ (ਰੇਸ਼ਮ ਸਿੰਘ)- ਜਲੰਧਰ ਦੀ ਰਹਿਣ ਵਾਲੀ 15 ਸਾਲਾ ਨਾਬਾਲਗਾ ਕੁੜੀ ਨੂੰ ਇਥੇ ਅੰਮ੍ਰਿਤਸਰ ਬੁਲਾ ਕੇ ਉਸਦੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਮਾਰ ਦੇਣ ਦੇ ਚਰਹਿਤ ਮਾਮਲੇ ’ਚ ਦੋ ਹਫਤਿਆਂ ਬਾਅਦ ਪੁਲਿਸ ਵਲੋਂ ਆਖ਼ਰ ਲੜਕੀ ਦੇ ਮਾਸੜ ਨੂੰ ਕਾਬੂ ਕਰ ਲਿਆ ਗਿਆ ਹੈ ਜਿਸ ਪਾਸੋਂ ਕੁੱਟਮਾਰ ਕਰਨ ਲਈ ਵਰਤਿਆ ਗਿਆ ਡੰਡਾ ਵੀ ਪੁਲਿਸ ਨੇ ਬਰਾਮਦ ਕਰ ਲਿਆ ਹੈ। ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਦੀ ਸ਼ਨਾਖਤ ਵਿਨੀਤ ਕੁਮਾਰ ਉਰਫ਼ ਸੋਨੀ (26) ਵਾਸੀ ਗੇਟ ਹਕੀਮਾਂ ਵਜੋਂ ਹੋਈ ਹੈ। ਉਸ ਖਿਲਾਫ ਪਹਿਲਾਂ ਵੀ ਨਸ਼ੇ ਦਾ ਮਾਮਲਾ ਦਰਜ ਦਸਿਆ ਗਿਆ ਹੈ। ਡੀ.ਸੀ.ਪੀ. ਆਲਮ ਵਿਜੇ ਸਿੰਘ ਨੇ ਦਸਿਆ ਕਿ 15 ਜੁਲਾਈ ਨੂੰ ਗੇਟ ਹਕੀਮਾਂ ਵਿਖੇ ਦਰਜ ਕਰਵਾਏ ਮਾਮਲੇ ’ਚ ਸ਼ਿਕਾਇਤਕਰਤਾ ਲੜਕੇ ਨੇ ਪੁਲਿਸ ਨੂੂੰ ਦੱਸਿਆ ਕਿ ਉਸਦੀ 15 ਸਾਲਾ ਨਾਬਾਲਗ ਭੈਣ ਦੀ ਉਸ ਦੇ ਮਾਸੜ ਅਤੇ ਹੋਰ ਦੋ ਵਿਅਕਤੀਆਂ ਵਲੋਂ ਕੁੱਟਮਾਰ ਕਰਕੇ ਹੱਤਿਆ ਕਰ ਦਿੱਤੀ ਗਈ ਹੈ । ਜਾਂਚ ਦੌਰਾਨ ਸਾਹਮਣੇ ਆਇਆ ਕਿ ਵਿਨੀਤ ਕੁਮਾਰ ਉਰਫ਼ ਸੋਨੀ ਜੋ ਮ੍ਰਿਤਕਾ ਦਾ ਮਾਸੜ ਹੈ, ਨੇ ਲੜਕੀ ਅਤੇ ਉਸਦੇ ਭਰਾ ਨੂੰ ਜਲੰਧਰ ਤੋਂ ਆਪਣੇ ਘਰ ਅੰਮ੍ਰਿਤਸਰ ਬੁਲਾਇਆ। ਦੋਵਾਂ ਨੇ ਆਰਥਿਕ ਤੰਗੀ ਦੱਸਣ ’ਤੇ ਉਸ ਨੇ ਗੂਗਲ ਪੇਅ ਰਾਹੀਂ 2 ਹਜ਼ਾਰ ਰੁਪਿਆ ਭੇਜ ਦਿੱਤਾ ਤਾਂ ਜੋ ਉਹ ਘਰ ਆ ਸਕਣ। ਘਰ ਪਹੁੰਚਣ ਉਪਰੰਤ ਗ੍ਰਿਫ਼ਤਾਰ ਕੀਤੇ ਪੀੜਤ ਦੇ ਮਾਸੜ ਨੇ ਲੜਕੀ ’ਤੇ ਸੋਨਾ ਅਤੇ ਮੁੰਦਰੀਆਂ ਚੋਰੀ ਕਰਨ ਦਾ ਦੋਸ਼ ਲਗਾਇਆ ਅਤੇ ਉਸਨੂੰ ਘਰ ਦੀ ਪਹਿਲੀ ਮੰਜ਼ਿਲ ’ਤੇ ਕਮਰੇ ਵਿਚ ਲੈ ਜਾ ਕੇ ਅੰਦਰੋਂ ਕੁੰਡੀ ਲਗਾ ਲਈ। ਉੱਥੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਗਈ। ਕੁਝ ਸਮੇਂ ਬਾਅਦ ਜਦੋਂ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਲੜਕੀ ਬੇਹੋਸ਼ ਹਾਲਤ ਵਿਚ ਪਈ ਸੀ ਅਤੇ ਉਸਦੇ ਸਰੀਰ ’ਤੇ ਗੰਭੀਰ ਸੱਟਾਂ ਦੇ ਨਿਸ਼ਾਨ ਸਨ ਤੇ ਉਸਦੀ ਮੌਤ ਹੋ ਗਈ ਸੀ। ਇਸ ਕੁੱਟਮਾਰ ’ਚ ਦੋ ਹੋਰ ਵਿਅਕਤੀਆਂ ਵੀ ਮੁਲਜ਼ਮ ਦਾ ਸਾਥ ਦਿੱਤਾ, ਜਿਨ੍ਹਾਂ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਸੁਰਿੰਦਰ ਸਿੰਘ ਏ.ਸੀ.ਪੀ. ਕੇਂਦਰੀ ਵੀ ਹਾਜ਼ਰ ਸਨ।
ਜਲੰਧਰ ਤੋਂ ਨਾਬਾਲਾਗ ਕੁੜੀ ਨੂੰ ਬੁਲਾ ਕੇ ਬੇਰਹਿਮੀ ਨਾਲ ਕੁੱਟਮਾਰ ਕਰਕੇ ਮਾਰਨ ਵਾਲਾ ਮਾਸੜ ਕਾਬੂ
ਅਜੀਤ ਡੈਸਕ
29-07-2026