ਪਤੀ ਨੂੰ ਦਿੱਤੀ ਜ਼ਹਿਰੀਲੀ ਦਵਾਈ, ਤਿੰਨ ਖ਼ਿਲਾਫ਼ ਮੁਕੱਦਮਾ ਦਰਜ
ਚੋਗਾਵਾਂ, 28 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਭੁੱਲਰ ਵਿਖੇ ਵਿਦੇਸ਼ ਤੋਂ ਆਈ ਪਤਨੀ ਲੱਖਾਂ ਰੁਪਏ ਦੀ ਨਕਦੀ ਤੇ ਗਹਿਣੇ ਲੈ ਕੇ ਫਰਾਰ ਹੋ ਜਾਣ ਦੀ ਖਬਰ ਹੈ। ਇਸ ਸੰਬੰਧੀ ਸੁਖਬੀਰ ਸਿੰਘ ਪੁੱਤਰ ਸਵ: ਸਵਰਨ ਸਿੰਘ ਨੇ ਪੁਲਿਸ ਥਾਣਾ ਲੋਪੋਕੇ ਤੇ ਹੋਰ ਉਚ ਅਧਿਕਾਰੀਆਂ ਨੂੰ ਲਿਖਤੀ ਦਰਖਾਸਤ ਦੀਆਂ ਕਾਪੀਆਂ ਦਿੰਦਿਆਂ ਦੱਸਿਆ ਕਿ 22-1-2021 ਨੂੰ ਮੇਰਾ ਵਿਆਹ ਅਰਸ਼ਦੀਪ ਕੌਰ ਪੁੱਤਰੀ ਦੀਦਾਰ ਸਿੰਘ ਵਾਸੀ ਨੌਸ਼ਹਿਰਾ ਢਾਲਾ ਨਾਲ ਹੋਇਆ ਸੀ। ਮੈਂ ਆਪਣੀ ਪਤਨੀ ਨੂੰ ਆਈਲੈੱਟਸ ਕਰਵਾ ਕੇ ਆਪਣਾ ਮਕਾਨ ਵੇਚ ਕੇ 25 ਲੱਖ ਰੁਪਏ ਦੀ ਰਾਸ਼ੀ ਲਗਾ ਕੇ 2022 ਵਿਚ ਜਰਮਨ (ਬਰਲਿਨ) ਨੂੰ ਵਿਦੇਸ਼ ਭੇਜਿਆ । ਹੁਣ ਮੇਰੀ ਪਤਨੀ ਮੇਰੇ ਕੋਲੋਂ ਤਲਾਕ ਮੰਗ ਰਹੀ ਸੀ। 16 ਜੁਲਾਈ ਨੂੰ ਮੇਰੀ ਪਤਨੀ ਵਿਦੇਸ਼ ਤੋਂ ਵਾਪਸ ਪਿੰਡ ਭੁੱਲਰ ਆਈ। ਮੇਰੀ ਸੱਸ ਰਾਜਵਿੰਦਰ ਕੌਰ ਤੇ ਸਾਲਾ ਜਰਮਨਜੀਤ ਸਿੰਘ ਵੀ ਇੱਥੇ ਆਏ ਤੇ ਉਹ ਚਲੇ ਗਏ । 26 ਜੁਲਾਈ ਦੀ ਰਾਤ ਨੂੰ ਮੇਰੀ ਪਤਨੀ ਅਰਸ਼ਦੀਪ ਕੌਰ ਮੇਰਾ ਸਹੁਰਾ ਦੀਦਾਰ ਸਿੰਘ, ਸੱਸ ਰਾਜਵਿੰਦਰ ਕੌਰ ਤੇ ਸਾਲਾ ਜਰਮਨਜੀਤ ਸਿੰਘ ਦੀ ਮਿਲੀਭੁਗਤ ਨਾਲ ਘਰ ਦੇ ਕੈਮਰੇ ਬੰਦ ਕਰਕੇ ਰਾਤ ਦੀ ਰੋਟੀ ਵਿਚ ਕੁਝ ਨਸ਼ੀਲਾ ਪਦਾਰਥ ਦੇ ਦਿੱਤਾ ਸੀ। ਮੈਂ ਬੇਹੋਸ਼ ਹੋ ਗਿਆ, ਤਾਂ ਮੇਰੀ ਪਤਨੀ ਘਰ ਦੇ ਸਾਰੇ ਗਹਿਣੇ ਤੇ 4 ਲੱਖ 60 ਹਜ਼ਾਰ ਦੀ ਨਕਦੀ, ਲੈਪਟੋਪ ਪਾਸਪੋਰਟ ਤੇ ਹੋਰ ਕੀਮਤੀ ਸਾਮਾਨ ਲੈ ਕੇ ਰਫੂ ਚੱਕਰ ਹੋ ਗਈ। ਸਵੇਰੇ ਜਦੋਂ ਬੇਹੋਸ਼ੀ ਦੀ ਹਾਲਤ ਵਿਚ ਮੈਂ ਉੱਠਿਆ ਤਾਂ ਘਰ ਦਾ ਸਾਰਾ ਸਾਮਾਨ ਖਿਲਰਿਆ ਪਿਆ ਸੀ। ਇਸ ਸੰਬੰਧੀ ਵਿਰੋਧੀ ਧਿਰ ਨਾਲ ਸੰਪਰਕ ਨਹੀਂ ਹੋਇਆ। ਇਸ ਕੇਸ ਦੀ ਤਫਤੀਸ਼ ਕਰ ਰਹੇ ਥਾਣਾ ਲੋਪੋਕੇ ਦੇ ਏ. ਐੱਸ. ਆਈ. ਗੁਰਦੀਪ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਅਰਸ਼ਦੀਪ ਕੌਰ, ਰਾਜਵਿੰਦਰ ਕੌਰ ਅਤੇ ਜਰਮਨਜੀਤ ਸਿੰਘ ਖ਼ਿਲਾਫ਼ 61(2)305/331(4) ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਵਿਦੇਸ਼ੋਂ ਆਈ ਪਤਨੀ ਲੱਖਾਂ ਦੀ ਨਕਦੀ ਤੇ ਗਹਿਣੇ ਲੈ ਕੇ ਹੋਈ ਰਫੂਚੱਕਰ
ਅਜੀਤ ਡੈਸਕ
29-07-2026