ਅੰਮ੍ਰਿਤਸਰ, 28 ਜੁਲਾਈ (ਹਰਮਿੰਦਰ ਸਿੰਘ)-ਪੁੱਡਾ ਵਲੋਂ ਪ੍ਰਸ਼ਾਸਨ ਅਤੇ ਪੁਲਿਸ ਦੀ ਮਦਦ ਨਾਲ ਬੀਤੇ ਦਿਨ ਸਾਰਾਗੜ੍ਹੀ ਅਤੇ ਕੇਸਰੀ ਬਾਗ਼ ਪਾਰਕਿੰਗਾਂ ਦਾ ਠੇਕੇਦਾਰ ਤੋਂ ਕਬਜ਼ਾ ਲੈਣ ਉਪਰੰਤ ਉਸ ਨੂੰ ਨਗਰ ਨਿਗਮ ਅੰਮ੍ਰਿਤਸਰ ਦੇ ਸਪੁਰਦ ਕੀਤਾ ਗਿਆ ਹੈ ਅਤੇ ਹੁਣ ਇਨ੍ਹਾਂ ਦੋਵੇਂ ਪਾਰਕਿੰਗਾਂ ਵਿਚੋਂ ਸਾਰਾਗੜ੍ਹੀ ਕਾਰ ਪਾਰਕਿੰਗ ਨੂੰ ਨਿਗਮ ਵਲੋਂ ਚਲਾਇਆ ਜਾ ਰਿਹਾ ਹੈ ਪਰ ਕੁਝ ਤਕਨੀਕੀ ਕਾਰਨਾਂ ਕੇਸਰੀ ਬਾਗ਼ ਪਾਰਕਿੰਗ ਅਜੇ ਬੰਦ ਪਈ ਹੈ ਜੋ ਅਗਲੇ ਦਿਨਾਂ ‘ਚ ਸ਼ੁਰੂ ਕੀਤੇ ਜਾਣ ਦੀ ਸੰਭਾਵਨਾ ਹੈ। ਸਾਰਾਗੜ੍ਹੀ ਪਾਰਕਿੰਗ ਜਿਸ ਨੂੰ ਨਗਰ ਨਿਗਮ ਵਲੋਂ ਚਲਾਏ ਅਜੇ ਪੰਜ ਦਿਨ ਹੀ ਹੋਏ ਹਨ । ਇਸ ਅਰਸੇ ਵਿਚ ਪਾਰਕਿੰਗ ਤੋਂ 5 ਲੱਖ 65 ਹਜ਼ਾਰ ਰੁਪਏ ਨਿਗਮ ਦੇ ਖਜਾਨੇ ਵਿਚ ਜਮ੍ਹਾ ਹੋ ਚੁੱਕੇ ਹਨ ਜਦੋਂ ਕਿ ਠੇਕੇ ਦੌਰਾਨ ਪਾਰਕਿੰਗਾਂ ਤੋਂ ਇਕ ਮਹੀਨੇ ‘ਚ ਹੋਣ ਵਾਲੀ ਆਮਦਨ ਤੋਂ ਵਧੇਰੇ ਹੈ। ਸ੍ਰੀ ਹਰਿਮੰਦਰ ਸਾਹਿਬ ਨੇੜੇ ਸਭ ਤੋਂ ਵੱਡੀ ਕਾਰ ਪਾਰਕਿੰਗ ਸਾਰਾਗੜ੍ਹੀ ਪਾਰਕਿੰਗ ਹੈ ਅਤੇ ਇਸ ਦੇ ਨਾਲ ਇਕ ਛੋਟੀ ਕੇਸਰੀ ਪਾਰਕਿੰਗ ਹੈ। ਇਹ ਦੋਵੇਂ ਪਾਰਕਿੰਗਾਂ ਪੁੱਡਾ ਵਲੋਂ ਠੇਕੇ ‘ਤੇ ਕਿਸੇ ਠੇਕੇਦਾਰ ਨੂੰ ਦਿੱਤੀ ਗਈਆਂ ਸਨ। ਸਾਰਾਗੜ੍ਹੀ ਕਾਰ ਪਾਰਕਿੰਮ 2014 ਵਿਚ 10 ਸਾਲ ਲਈ ਠੇਕੇ ‘ਤੇ ਦਿੱਤੀ ਗਈ। ਉਸ ਤੋਂ ਬਾਅਦ ਪੁੱਡਾ ਵਲੋਂ ਇਨ੍ਹਾਂ ਪਾਰਕਿੰਗਾਂ ਦਾ ਨਵਾਂ ਟੈਂਡਰ ਲਗਾਇਆ ਗਿਆ ਸੀ ਪਰ ਟੈਂਡਰ ਸਫਲ ਨਹੀਂ ਹੋਇਆ ਅਤੇ ਮਾਮਲਾ ਅਦਾਲਤ ਵਿਚ ਚੱਲਿਆ। ਪਰ 22 ਜੁਲਾਈ ਨੂੰ ਪੁੱਡਾ ਵਲੋਂ ਇਨ੍ਹਾਂ ਪਾਰਕਿੰਗਾਂ ਦਾ ਕਬਜ਼ਾ ਲੈ ਕੇ ਇਹ ਪਾਰਕਿੰਗਾਂ ਨਗਰ ਨਿਗਮ ਅੰਮ੍ਰਿਤਸਰ ਦੇ ਸਪੁਰਦ ਕਰ ਦਿੱਤੀਆਂ ਗਈਆਂ । ਨਗਰ ਨਿਗਮ ਵਲੋਂ 23 ਜੁਲਾਈ ਤੋਂ ਇਨ੍ਹਾਂ ਦੋਵੇ ਪਾਰਕਿੰਗਾਂ ‘ਚੋਂ ਸਾਰਾਗੜ੍ਹੀ ਪਾਰਕਿੰਗ ਨੂੰ ਸ਼ੁਰੂ ਕਰ ਦਿੱਤਾ। ਜਿਸ ਤੋਂ ਹੁਣ ਤੱਕ ਨਿਗਮ ਦੇ ਖ਼ਜ਼ਾਨੇ 5 ਲੱਖ 65 ਹਜ਼ਾਰ ਰੁਪਏ ਆਮਦਨ ਹੋਈ ਹੈ । ਇਸ ਪਾਰਕਿੰਗ ਦੇ ਪ੍ਰਬੰਧਾਂ ਨੂੰ ਦੇਖ ਰਹੇ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਮੰਗਲਵਾਰ ਸ਼ਾਮ 6 ਵਜੇ ਤੱਕ 5 ਲੱਖ 65 ਹਜ਼ਾਰ ਪਾਰਕਿੰਗ ਤੋਂ ਹੋਣ ਵਾਲੀ ਆਮਦਨ ਨਿਗਮ ਦੇ ਖ਼ਜ਼ਾਨੇ ‘ਚ ਜਮ੍ਹਾਂ ਕਰਵਾਈ ਗਈ ਹੈ। ਇਸ ਤੋਂ ਇਲਾਵਾ ਕੁਝ ਆਨਲਈਨ ਵੀ ਰਾਸ਼ੀ ਜਮ੍ਹਾਂ ਹੋਈ ਹੈ। ਉਨ੍ਹਾਂ ਦੱਸਿਆ ਇਹ ਆਮਦਨ ਸਿਰਫ ਸਾਰਾਗੜ੍ਹੀ ਪਾਰਕਿੰਗ ਤੋਂ ਹੋ ਰਹੀ ਹੈ ਜਦੋਂ ਕਿ ਵਾਈਫਾਈ ਸੇਵਾ ਸ਼ੁਰੂ ਨਾ ਹੋਣ ਕਰਕੇ ਅਜੇ ਤੱਕ ਕੇਸਰੀ ਬਾਗ਼ ਪਾਰਕਿੰਗ ਸ਼ੁਰੂ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਹ ਪਾਰਕਿੰਗ ਵੀ ਅਗਲੇ ਦਿਨਾਂ ‘ਚ ਸ਼ੁਰੂ ਹੋਣ ਨਾਲ ਪਾਰਕਿੰਗ ਤੋਂ ਹੋਣ ਵਾਲੀ ਆਮਦਨ ਹੋਰ ਵੀ ਵੱਧ ਜਾਵੇਗੀ। ਉਨ੍ਹਾਂ ਦੱਸਿਆ ਪਾਰਕਿੰਗ ਦਾ ਜਿੰਨਾ ਠੇਕਾ ਇਕ ਮਹੀਨੇ ‘ਚ ਆਉਂਦਾ ਸੀ ਉਸ ਨੂੰ ਨਿਗਮ ਵਲੋਂ ਪੰਜ ਦਿਨਾਂ ਹੀ ਪੂਰਾ ਕਰ ਲਿਆ ਹੈ।
ਅਗਲੇ ਦਿਨਾਂ ’ਚ ਕੇਸਰੀ ਬਾਗ਼ ਪਾਰਕਿੰਗ ਦੇ ਵੀ ਸ਼ੁਰੂ ਹੋਣ ਨਾਲ ਹੋਰ ਵਧੇਗੀ ਆਮਦਨ
ਅਜੀਤ ਡੈਸਕ
29-07-2026