ਛੇਹਰਟਾ, 28 ਜੁਲਾਈ (ਪੱਤਰ ਪ੍ਰੇਰਕ)-ਵਿਧਾਨ ਸਭਾ ਹਲਕਾ ਪੱਛਮੀ ਅਧੀਨ ਪੈਂਦੇ ਇਲਾਕਾ ਕਰਤਾਰ ਨਗਰ ਵਿਚ ਪਿਛਲੇ ਕੁਝ ਮਹੀਨਿਆਂ ਤੋਂ ਸੀਵਰੇਜ ਜਾਮ ਤੇ ਆ ਰਹੇ ਗੰਦੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਛੇਹਰਟਾ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਤੇ ਸੁਖਜਿੰਦਰ ਪਾਲ ਸਿੰਘ ਸੁੱਖ ਦੀ ਅਗਵਾਈ ਵਿਚ ਇਲਾਕਾ ਨਿਵਾਸੀਆਂ ਨੇ ਪੰਜਾਬ ਸਰਕਾਰ ਤੇ ਨਗਰ ਨਿਗਮ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਮੀਨਾ, ਸਨੇਹ ਲਤਾ, ਸਤਿੰਦਰ ਕੌਰ, ਇੰਦਰਜੀਤ ਕੌਰ, ਜੋਗਿੰਦਰ ਕੌਰ, ਕੁਲਦੀਪ ਕੌਰ, ਆਸ਼ਾ ਰਾਣੀ, ਗੁਰਪ੍ਰੀਤ ਸਿੰਘ, ਨੀਰਜ ਉੱਪਲ, ਮੁਖਵਿੰਦਰ ਸਿੰਘ, ਗੁਰਮੀਤ ਸਿੰਘ ਆਦ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਪੱਛਮੀ ਹਲਕੇ ਦੇ ਕਰਤਾਰ ਨਗਰ ਖੇਤਰ ਵਿਚ ਸੀਵਰੇਜ ਸਿਸਟਮ ਕਈ ਮਹੀਨਿਆਂ ਤੋਂ ਬੰਦ ਹੈ, ਜਿਸ ਕਾਰਨ ਸੀਵਰੇਜ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਦੇ ਬਾਹਰ ਇਕੱਠਾ ਹੋ ਗਿਆ ਹੈ ਤੇ ਪੀਣ ਵਾਲੇ ਪਾਣੀ ਵਿਚ ਰਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੀਵਰੇਜ ਦੀ ਸਮੱਸਿਆ ਕਾਰਨ ਉਨ੍ਹਾਂ ਨੂੰ ਬਦਬੂ ਆਉਣ ਕਾਰਨ ਉਨ੍ਹਾਂ ਦਾ ਰਹਿਣਾ ਮੁਸ਼ਕਿਲ ਹੋ ਗਿਆ ਹੈ ਤੇ ਇਸ ਬਰਸਾਤ ਦੇ ਮੌਸਮ ਦੌਰਾਨ ਇਲਾਕੇ ਵਿਚ ਬਿਮਾਰੀਆਂ ਫ਼ੈਲਣ ਦਾ ਡਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਦੇ ਸ਼ਾਸਨ ਦੌਰਾਨ ਸੀਵਰੇਜ ਜਾਮ ਦੀ ਸਮੱਸਿਆ ਲਗਾਤਾਰ ਵਧ ਰਹੀ ਹੈ ਤੇ ਲਾਪਰਵਾਹ ਅਧਿਕਾਰੀਆਂ ਕਾਰਨ ਪੂਰਾ ਤਰਾਂ ਇਲਾਕਾ ਸੀਵਰੇਜ ਦੀ ਸਮੱਸਿਆ ਤੋਂ ਪ੍ਰਭਾਵਿਤ ਹੈ ਤੇ ਇਸ ਸਮੱਸਿਆ ਦੇ ਹੱਲ ਲਈ ਅਸੀਂ ਕਈ ਵਾਰ ਸੰਬੰਧਿਤ ਜੇ. ਈ. ਸ਼ਿਕਾਇਤ ਕੀਤੀ ਹੈ, ਪਰ ਅਜੇ ਤੱਕ ਸਾਡੀ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਜਲਦੀ ਹੱਲ ਨਾ ਹੋਇਆ ਤਾਂ ਉਹ ਸੜਕਾਂ ‘ਤੇ ਉਤਰ ਕੇ ਵਿਰੋਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਸੰਘਰਸ਼ ਕਮੇਟੀ ਦੇ ਪ੍ਰਧਾਨ ਕੰਵਲਜੀਤ ਸਿੰਘ ਦੀ ਸੰਬੰਧਿਤ ਜੇ. ਈ. ਨਾਲ ਤਿੱਖੀ ਨੋਕ ਝੋਕ ਵੀ ਹੋਈ ਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਪ੍ਰਧਾਨ ਕਵਲਜੀਤ ਸਿੰਘ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪੱਛਮੀ ਦੇ ਸਾਰੇ ਇਲਾਕਿਆਂ ਵਿਚ ਗੰਦੇ ਪਾਣੀ ਦੀ ਸਮੱਸਿਆ ਨਾਲ ਲੋਕ ਜੂਝ ਰਹੇ ਤੇ ਘਰਾਂ ਦੇ ਬਾਹਰ ਗੰਦੇ ਪਾਣੀ ਦੇ ਖੜ੍ਹੇ ਹੋਣ ਕਾਰਨ ਇਲਾਕੇ ਵਿਚ ਮੱਛਰਾਂ ਦੀ ਗਿਣਤੀ ਵਧੀ ਹੈ, ਜਿਸ ਨਾਲ ਉਲਟੀਆਂ, ਦਸਤ, ਪੀਲੀਆ ਤੇ ਚਿਕਨਗੁਨੀਆ ਵਰਗੀਆਂ ਖਤਰਨਾਕ ਬਿਮਾਰੀਆਂ ਫ਼ੈਲਣ ਦਾ ਖਤਰਾ ਬਣਿਆ ਹੋਇਆ ਹੈ। ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਲੋਕਾਂ ਨਾਲ ਗੱਲਬਾਤ ਕਰਨ ਲਈ ਜੇ. ਈ. ਸੁਨੀਲ ਬੇਦੀ ਤੇ ਬਜਾਜ ਕੰਪਨੀ ਦੇ ਕਰਮਚਾਰੀ ਮੌਕੇ ‘ਤੇ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਹ ਅੱਜ ਤੋਂ ਕਰਮਚਾਰੀ ਭੇਜਣਗੇ, ਜੋ ਲਗਾਤਾਰ ਕੰਮ ਕਰਨਗੇ ।
ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਇਲਾਕਾ ਨਿਵਾਸੀਆਂ ਨੇ ਨਗਰ ਨਿਗਮ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
ਅਜੀਤ ਡੈਸਕ
29-07-2026