ਝਬਾਲ, 31 ਦਸੰਬਰ (ਸੁਖਦੇਵ ਸਿੰਘ)-ਲਗਾਤਾਰ ਪੈ ਰਹੀ ਸੰਘਣੀ ਧੁੰਦ ਤੇ ਠੰਢ ਨੇ ਜਿੱਥੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਨਿੱਤ ਕਮਾ ਕੇ ਖਾਣ ਵਾਲਿਆਂ ਦਾ ਕੰਮਕਾਜ ਠੱਪ ਹੋ ਗਿਆ ਹੈ | ਸੰਘਣੀ ਧੁੰਦ ਕਾਰਨ ਸੜਕੀ ਆਵਾਜਾਈ ਪ੍ਰਭਾਵਿਤ ਹੋਈ ਹੈ ਅਤੇ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਧੁੰਦ ਕਾਰਨ ਸੜਕੀ ਹਾਦਸਿਆਂ ਵਿਚ ਵਾਧਾ ਹੋਇਆ ਹੈ | ਕਾਰੋਬਾਰ ਠੱਪ ਹੋਣ ਕਰਕੇ ਦੁਕਾਨਦਾਰ ਸਾਰਾ ਦਿਨ ਅੱਗ ਸੇਕ ਕੇ ਘਰਾਂ ਨੂੰ ਪਰਤ ਜਾਂਦੇ ਹਨ | ਦੁਕਾਨਦਾਰਾਂ ਨੇ ਦੱਸਿਆ ਕਿ ਧੁੰਦ ਤੇ ਠੰਢ ਕਾਰਨ ਲੋਕਾਂ ਦੇ ਘਰਾਂ ਵਿਚੋਂ ਬਾਹਰ ਨਾ ਆਉਣ ਕਾਰਨ ਉਨ੍ਹਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ | ਧੁੰਦ ਕਾਰਨ ਝਬਾਲ-ਅੰਮਿ੍ਤਸਰ ਰੋਡ 'ਤੇ ਦੋ ਵਾਹਨਾਂ ਦੇ ਆਪਸ ਵਿਚ ਟਕਰਾਉਣ ਕਾਰਨ ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੋਵੇਂ ਵਾਹਨ ਬੁਰੀ ਤਰ੍ਹਾਂ ਟੁੱਟ ਗਏ | ਮੌਸਮ ਵਿਭਾਗ ਵੱਲੋਂ ਅਗਲੇ ਕੁਝ ਦਿਨਾਂ ਤੱਕ ਧੁੰਦ ਦਾ ਪ੍ਰਕੋਪ ਜਾਰੀ ਰਹਿਣ ਦੀ ਸੰਭਾਵਨਾ ਵੱਧ ਦੱਸੀ ਜਾ ਰਹੀ ਹੈ |