ਅੰਮਿ੍ਤਸਰ, 31 ਦਸੰਬਰ (ਰੇਸ਼ਮ ਸਿੰਘ)-ਯੁੱਧ ਨਸ਼ਿਆਂ ਵਿਰੁਧ ਮੁਹਿੰਮ ਤਹਿਤ ਅੰਮਿ੍ਤਸਰ ਪੁਲਿਸ ਦੀਆਂ ਪ੍ਰਾਪਤੀਆਂ ਗੌਰਵਮਈ ਤੇ ਸ਼ਲਾਘਾਯੋਗ ਰਹੀਆਂ ਹਨ, ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ, ਸੰਗਠਿਤ ਅਪਰਾਧ, ਗ਼ੈਰ-ਕਾਨੂੰਨੀ ਹਥਿਆਰਾਂ, ਜੂਏ ਅਤੇ ਹੋਰ ਅਪਰਾਧਾਂ ਵਿਰੁੱਧ ਨਿਰੰਤਰ ਕਾਰਵਾਈ 1545 ਮਾਮਲੇ ਦਰਜ ਕਰਕੇ 2772 ਵਿਅਕਤੀਆਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਿਲ ਕੀਤੀ ਹੈ | ਇਹ ਪ੍ਰਗਟਾਵਾ ਅੱਜ ਸ਼ਾਮ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਵਲੋਂ 277.959 ਕਿਲੋਗ੍ਰਾਮ ਹੈਰੋਇਨ, 37.146 ਕਿਲੋਗ੍ਰਾਮ ਅਫੀਮ, 7.515 ਕਿਲੋਗ੍ਰਾਮ ਮੈਥਾਮਫੇਟਾਮਾਈਨ (ਆਈਸ), 9 ਕਿਲੋਗ੍ਰਾਮ ਗਾਂਜਾ, 16.075 ਕਿਲੋਗ੍ਰਾਮ ਚਰਸ, 325.577 ਕਿਲੋਗ੍ਰਾਮ ਨਸ਼ੀਲਾ ਪਾਊਡਰ ਅਤੇ 25 ਕਿਲੋਗ੍ਰਾਮ ਭੁੱਕੀ ਬਰਾਮਦ ਕੀਤੀ ਗਈ, ਨਾਲ ਹੀ 1,550 ਟੀਕੇ ਅਤੇ 2,16,770 ਕੈਪਸੂਲ/ਗੋਲੀਆਂ ਵੀ ਬਰਾਮਦ ਕੀਤੀਆਂ ਗਈਆਂ | ਇਸੇ ਤਰ੍ਹਾਂ 3.14 ਕਰੋੜ ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਚ ਵਰਤੇ ਜਾਣ ਵਾਲੇ 133 ਵਾਹਨ ਬਰਾਮਦ ਕੀਤੇ ਗਏ | ਉਨ੍ਹਾਂ ਦੱਸਿਆ ਕਿ ਅਸਲਾ ਐਕਟ ਦੇ ਤਹਿਤ, 88 ਮਾਮਲੇ ਦਰਜ ਕੀਤੇ ਗਏ ਅਤੇ 195 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚੋਂ 244 ਪਿਸਤੌਲ, 10 ਰਿਵਾਲਵਰ, 2 ਰਾਈਫਲਾਂ, 241 ਮੈਗਜ਼ੀਨ ਅਤੇ 440 ਕਾਰਤੂਸ ਬਰਾਮਦ ਕੀਤੇ ਗਏ ਤੇ 18.75 ਲੱਖ ਦੀ ਹਵਾਲਾ ਰਾਸ਼ੀ ਵੀ ਜ਼ਬਤ ਕੀਤੀ ਗਈ | ਇਸੇ ਤਰ੍ਹਾਂ ਬਾਕੀ ਜੁਰਮਾਂ ਦੇ 160 ਮਾਮਲੇ ਦਰਜ ਕੀਤੇ ਗਏ, 90 ਫੀਸਦੀ ਹੱਲ ਕੀਤੇ ਗਏ ਤੇ 280 ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ 76.31 ਲੱਖ ਦੀ ਚੋਰੀ ਹੋਈ ਜਾਇਦਾਦ ਬਰਾਮਦ ਕੀਤੀ ਗਈ | ਇਸੇ ਤਰ੍ਹਾਂ ਡਕੈਤੀ ਦੇ ਮਾਮਲਿਆਂ ਵਿਚ ਸਾਰੇ ਮਾਮਲੇ ਹੱਲ ਕਰਕੇ 33 ਡਕੈਤਾਂ ਨੂੰ ਗਿ੍ਫ਼ਤਾਰ ਕੀਤਾ ਗਿਆ ਅਤੇ 94 ਫੀਸਦੀ ਲੁੱਟੀ ਹੋਈ ਜਾਇਦਾਦ ਬਰਾਮਦ ਕੀਤੀ ਗਈ | ਇਸੇ ਤਰ੍ਹਾਂ ਚੋਰੀ ਦੇ 229 ਮਾਮਲੇ ਦਰਜ ਕੀਤੇ ਗਏ, ਜਿਸ ਨਾਲ 173 ਗਿ੍ਫਤਾਰੀਆਂ ਹੋਈਆਂ ਅਤੇ 86.49 ਲੱਖ ਦੀ ਚੋਰੀ ਹੋਈ ਜਾਇਦਾਦ ਬਰਾਮਦ ਕੀਤੀ ਗਈ ਚੋਰੀ ਦੇ ਮਾਮਲਿਆਂ ਵਿਚ 92 ਮਾਮਲੇ ਦਰਜ ਕੀਤੇ ਗਏ ਤੇ 64 ਫੀਸਦੀ ਮਾਮਲੇ ਹੱਲ ਹੋਏ, 63.50 ਲੱਖ ਦੀ ਚੋਰੀ ਹੋਈ ਜਾਇਦਾਦ ਬਰਾਮਦ ਕੀਤੀ ਗਈ | ਟ੍ਰੈਫਿਕ ਪੁਲਿਸ ਵਲੋਂ 38,766 ਚਲਾਨ ਕਰਕੇ 9,142 ਵਾਹਨ ਜ਼ਬਤ ਕੀਤੇ ਗਏ, ਅਤੇ 4.25 ਕਰੋੜ ਦੇ ਜੁਰਮਾਨੇ ਕੀਤੇ ਗਏ | ਇਸ ਸਾਲ 18 ਗੈਰ-ਕਾਨੂੰਨੀ ਜਾਇਦਾਦਾਂ ਨੂੰ ਵੀ ਢਾਹ ਦਿੱਤਾ ਜੋ ਨਸ਼ੀਲੇ ਪਦਾਰਥਾਂ ਦੇ ਪੈਸੇ ਦੀ ਵਰਤੋਂ ਕਰਕੇ ਬਣਾਈਆਂ ਗਈਆਂ ਸਨ | ਇਸੇ ਤਰ੍ਹਾਂ ਨਸ਼ਾ ਛੁਡਾਊ ਕੇਂਦਰਾਂ 'ਚ 4 ਹਜ਼ਾਰ ਨੌਜਵਾਨ ਭਰਤੀ ਕਰਵਾਏ ਤੇ 3 ਹਜ਼ਾਰ ਦਾ ਓਟ ਕੇਂਦਰਾਂ ਤੋਂ ਇਲਾਜ ਕਰਵਾਇਆ | ਇਸ ਮੌਕੇ ਉਨ੍ਹਾਂ ਨਾਲ ਡੀ. ਸੀ. ਪੀ. ਰਵਿੰਦਰਪਾਲ ਸਿੰਘ, ਜਗਜੀਤ ਸਿੰਘ ਵਾਲੀਆ, ਆਲਮ ਵਿਜੈ ਸਿੰਘ ਤੇ ਏ. ਸੀ. ਪੀ. ਰਿਸ਼ਭ ਭੋਲਾ ਆਦਿ ਵੀ ਹਾਜ਼ਰ ਸਨ |