ਤਰਨ ਤਾਰਨ, 1 ਜਨਵਰੀ (ਹਰਿੰਦਰ ਸਿੰਘ)- ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਧੁੰਦ ਅਤੇ ਠੰਢ ਕਾਰਨ ਜਿਥੇ ਆਮ ਜਨਜੀਵਨ ਉਪਰ ਉਸਦਾ ਬੁਰਾ ਅਸਰ ਪਾਇਆ ਹੈ, ਉਥੇ ਨਵਾਂ ਸਾਲ ਚੜਦਿਆਂ ਹੀ ਸਾਲ ਦੇ ਪਹਿਲੇ ਦਿਨ ਪਈ ਸੰਘਣੀ ਧੁੰਦ ਨਾਲ ਜਿਥੇ ਕੜਾਕੇ ਦੀ ਠੰਢ ਪਈ, ਉਥੇ ਤੇਜ ਠੰਢੀਆਂ ਹਵਾਵਾਂ ਦੇ ਨਾਲ-ਨਾਲ ਕਿਣ ਮਿਣ ਵੀ ਹੋਈ, ਜਿਸ ਦੇ ਚੱਲਦਿਆਂ ਠੰਢ ਨੇ ਪੂਰਾਂ ਜੋਰ ਫੜ ਲਿਆ ਹੈ | ਕੜਾਕੇ ਦੀ ਠੰਡ ਨੇ ਲੋਕਾਂ ਵਿਚ ਕੰਬਣੀਆਂ ਛੜਾ ਦਿੱਤੀਆਂ ਹਨ ਅਤੇ ਲੋਕ ਠੰਢ ਕਾਰਨ ਠਰੂ ਠਰੂ ਕਰ ਰਹੇ ਹਨ | ਲੋਕ ਠੰਢ ਤੋਂ ਬਚਾਅ ਲਈ ਅੱਗ ਬਾਲ ਕੇ ਸੇਕ ਰਹੇ ਹਨ, ਕਮਰਿਆਂ ਵਿਚ ਰੂਮ ਹੀਟਰ ਲਗਾ ਕੇ ਆਪਣਾ ਬਚਾਅ ਕਰ ਰਹੇ ਹਨ, ਉਥੇ ਗਰਮ ਤਾਸੀਰ ਵਾਲੀਆਂ ਖਾਣ-ਪੀਣ ਵਾਲੀਆਂ ਚੀਜਾਂ ਦਾ ਸੇਵਨ ਕਰ ਰਹੇ ਹਨ | ਵੀਰਵਾਰ ਨੂੰ ਪਈ ਸੰਘਣੀ ਧੁੰਦ ਕਾਰਨ ਤਰਨ ਤਾਰਨ ਸ਼ਹਿਰ ਅਤੇ ਆਸ ਪਾਸ ਇਲਾਕਿਆਂ ਵਿਚ ਪੂਰਾ ਦਿਨ ਧੁੰਦ ਛਾਈ ਰਹੀ ਅਤੇ ਸੂਰਜ ਦੇਵਤਾ ਵੀ ਪ੍ਰਗਟ ਨਹੀਂ ਹੋਏ | ਸੰਘਣੀ ਧੁੰਦ ਕਾਰਨ ਸੜਕਾਂ ਉਪਰ ਚੱਲਣ ਵਾਲੇ ਵਾਹਨ ਵੀ ਦਿਨ ਸਮੇਂ ਆਪਣੇ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਮੱਧਮ ਸਪੀਡ ਨਾਲ ਸੜਕਾਂ ਉਪਰ ਚੱਲ ਰਹੇ ਸਨ ਤਾਂ ਜੋ ਕੋਈ ਹਾਦਸਾ ਨਾ ਹੋ ਸਕੇ | ਪਿਛਲੇ ਦਿਨਾਂ ਤੋਂ ਪੈ ਰਹੀ ਸੰਘਣੀ ਧੁੰਦ ਪੈਣ ਕਾਰਨ ਪੰਜਾਬ ਦੇ ਕਈ ਜ਼ਿਲਿਆ ਵਿਚ ਸੜਕ ਹਾਦਸੇ ਵਾਪਰ ਚੁੱਕੇ ਹਨ, ਜਿਸ ਵਿਚ ਕਈ ਲੋਕ ਮੌਤ ਦੇ ਮੂੰਹ ਵਿਚ ਚਲੇ ਗਏ ਹਨ | ਤਾਪਮਾਨ ਵਿਚ ਆਈ ਭਾਰੀ ਗਿਰਾਵਟ ਕਾਰਨ ਠੰਢ ਹੋਰ ਜਿਆਦਾ ਵੱਧ ਗਈ ਹੈ ਅਤੇ ਵੀਰਵਾਰ ਦੀ ਸਵੇਰ ਨੂੰ ਤਾਪਮਾਨ 8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ | ਠੰਢ ਅਤੇ ਧੁੰਦ ਤੋਂ ਬਚਣ ਲਈ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲਣ ਸਮੇਂ ਮੂੰਹ-ਸਿਰ ਢੱਕਣ ਤੋਂ ਇਲਾਵਾ ਗਰਮ ਕੱਪੜੇ ਪਾ ਕੇ ਨਿਕਲ ਰਹੇ ਹਨ ਅਤੇ ਆਪਣੇ ਬੱਚਿਆਂ ਨੂੰ ਵੀ ਠੰਢ ਤੋਂ ਬਚਾਉਣ ਲਈ ਘਰਾਂ ਤੋਂ ਬਾਹਰ ਨਿਕਲਣ ਤੋਂ ਰੋਕਿਆ ਜਾ ਰਿਹਾ ਹੈ ਅਤੇ ਲੋਕ ਘਰਾਂ ਵਿਚ ਰਜਾਈਆਂ ਅਤੇ ਕੰਬਲਾਂ ਵਿਚ ਬੈਠ ਰਹੇ ਹਨ | ਦੂਸਰੇ ਪਾਸੇ ਦੇਖਣ ਵਿਚ ਆਇਆ ਹੈ ਕਿ ਸੰਘਣੀ ਧੁੰਦ ਦੇ ਚੱਲਦਿਆਂ ਜਿਥੇ ਦੁਕਾਨਦਾਰਾਂ ਨੂੰ ਕੰਮਕਾਜ ਕਰਨਾ ਔਖਾ ਹੋਇਆ ਪਿਆ ਹੈ ਅਤੇ ਉਹ ਅੱਗ ਸੇਕ ਕੇ ਆਪਣੇ ਕੰਮਕਾਜ ਨੂੰ ਕਰਨ ਲਈ ਮਜਬੂਰ ਹਨ, ਉਥੇ ਬਾਜ਼ਾਰਾਂ ਵਿਚ ਰੌਣਕਾਂ ਵੀ ਗਾਇਬ ਹਨ | ਬਾਜ਼ਾਰਾਂ ਵਿਚ ਗ੍ਰਾਹਕ ਨਾ ਹੋਣ ਕਾਰਨ ਦੁਕਾਦਾਰਾਂ ਦਾ ਕੰਮ ਠੱਪ ਹੋਇਆ ਪਿਆ ਹੈ ਅਤੇ ਉਹ ਸ਼ਾਮ ਢੱਲਦਿਆਂ ਹੀ ਦੁਕਾਨਾਂ ਬੰਦ ਕਰਕੇ ਘਰਾਂ ਨੂੰ ਚਲੇ ਜਾਂਦੇ ਹਨ, ਉਥੇ ਦਿਹਾੜੀਦਾਰ ਵੀ ਕੰਮਕਾਜ ਨਾ ਮਿਲਣ ਕਾਰਨ ਪ੍ਰੇਸ਼ਾਨ ਹਨ | ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਸੰਘਣੀ ਧੁੰਦ ਪੈਣ ਦੇ ਨਾਲ-ਨਾਲ ਠੰਢ ਹੋਰ ਵਧੇਗੀ ਅਤੇ ਤਾਪਮਾਨ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੇਗੀ, ਜਿਸ ਕਾਰਨ ਲੋਕ ਮੁਸ਼ਕਿਲਾਂ ਵਿਚ ਹੋਰ ਵਾਧਾ ਹੋਵੇਗਾ | ਸੰਘਣੀ ਧੁੰਦ ਅਤੇ ਕੜਾਕੇ ਦੀ ਠੰਢ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਮੱਦੇਨਜ਼ਰ ਪੰਜਾਬ ਦੇ ਸਾਰੇ ਸਕੂਲਾਂ ਵਿਚ 7 ਜਨਵਰੀ ਤੱਕ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ | ਠੰਢ ਕਾਰਨ ਲੋਕ ਵਾਈਰਲ ਬੀਮਾਰੀਆਂ ਤੋਂ ਪੀੜਤ ਹੋ ਰਹੇ ਹਨ, ਜਿਨ੍ਹਾਂ ਵਿਚ ਬੁਖਾਰ, ਜੁਕਾਮ, ਖਾਂਸੀ, ਛਾਤੀ ਦੀ ਇਨਫੈਕਸ਼ਨ, ਬੀ.ਪੀ. ਵਧਣਾ, ਸ਼ੂਗਰ ਵੱਧਣੀ, ਦਿਲ ਦੀ ਧੜਕਣ ਤੇਜ ਹੋਣੀ ਆਦਿ ਤੋਂ ਇਲਾਵਾ ਹੋਰ ਬੀਮਾਰੀਆਂ ਆਪਣੀ ਚਪੇਟ ਵਿਚ ਲੈ ਰਹੀਆਂ ਹਨ | ਸਿਹਤ ਵਿਭਾਗ ਵਲੋਂ ਲੋਕਾਂ ਨੂੰ ਠੰਢ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਬਜੁਰਗਾਂ ਅਤੇ ਬੱਚਿਆਂ ਨੂੰ ਠੰਢ ਵਿਚ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਕਿਉਂਕਿ ਠੰਢ ਬਜੁਰਗਾਂ ਅਤੇ ਬੱਚਿਆਂ ਨੂੰ ਜਲਦ ਆਪਣੀ ਚਪੇਟ ਵਿਚ ਲੈਂਦੀ ਹੈ, ਜਿਸ ਕਾਰਨ ਬੱਚੇ ਅਤੇ ਬਜੁਰਗ ਜਿਆਦਾਤਰ ਠੰਢ ਦਾ ਸ਼ਿਕਾਰ ਹੁੰਦੇ ਹਨ | ਕੜਾਕੇ ਦੀ ਠੰਢ ਨੂੰ ਦੇਖਦਿਆਂ ਹੋਇਆ ਸਮਾਜ ਸੇਵਕ ਸੰਸਥਾਵਾਂ ਦੇ ਆਗੂਆਂ ਅਤੇ ਦੁਕਾਨਦਾਰਾਂ ਵਲੋਂ ਵੱਖ-ਵੱਖ ਜਗ੍ਹਾ ਉਪਰ ਗਰਮ ਦੁੱਧ ਅਤੇ ਚਾਹ ਦੇ ਲੰਗਰ ਲਗਾਏ ਜਾ ਰਹੇ ਹਨ |