ਪੱਟੀ, 23 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ, ਅਵਤਾਰ ਸਿੰਘ ਖਹਿਰਾ)-ਪੰਜਾਬ ਸਰਕਾਰ ਅਤੇ ਡੀ.ਜੀ.ਪੀ. ਪੰਜਾਬ ਗੌਰਵ ਯਾਦਵ ਵਲੋਂ ਚਲਾਈ ਗਈ ਪ੍ਰਹਾਰ ਗੈਂਗਸਟਰਾਂ ਤੇ ਵਾਰ ਮੁਹਿੰਮ ਤਹਿਤ ਸੁਰਿੰਦਰ ਲਾਂਬਾ ਐੱਸ.ਐੱਸ.ਪੀ. ਤਰਨ ਤਾਰਨ ਅਤੇ ਖੁਸ਼ਬੀਰ ਕੌਰ ਐੱਸ.ਪੀ. ਦੀ ਨਿਗਰਾਨੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਤਰਨ ਤਾਰਨ ਵਲੋਂ ਨਸ਼ਾ ਤਸਕਰਾਂ ਅਤੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਸਬ ਡਵੀਜ਼ਨ ਪੱਟੀ ਅਧੀਨ ਆਉਂਦੇ ਇਲਾਕੇ ਵਿਚ ਜਗਬੀਰ ਸਿੰਘ ਡੀ.ਐੱਸ.ਪੀ. ਸਬ ਡਵੀਜਨ ਪੱਟੀ ਅਤੇ ਇੰਸ: ਕੰਵਲਜੀਤ ਰਾਏ ਮੁੱਖ ਅਫਸਰ ਥਾਣਾ ਸਿਟੀ ਪੱਟੀ ਦੀ ਹਾਜ਼ਰੀ ਵਿਚ ਵਾਰਡ ਨੰ. 2 ਪੱਟੀ ਅਤੇ ਹੋਰ ਥਾਵਾਂ ਛਾਣਬੀਣ ਕਰਦਿਆ ਕਰੀਬ 120 ਪ੍ਰਵਾਸੀ ਵਿਅਕਤੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਅਤੇ ਇਨ੍ਹਾਂ ਦੇ ਟਿਕਾਣਿਆਂ ਦੀ ਡੂੰਘਾਈ ਨਾਲ ਸਰਚ ਕੀਤੀ ਗਈ | ਇਸ ਤੋਂ ਇਲਾਵਾ ਪੱਟੀ ਸ਼ਹਿਰ ਦੀਆਂ ਸਰਾਵਾਂ ਅਤੇ ਧਰਮਸ਼ਾਲਾ ਦੀ ਵੀ ਸਰਚ ਕੀਤੀ ਗਈ | ਇਸ ਮੌਕੇ ਪੱਟੀ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਸੁਰਿੰਦਰ ਲਾਬਾਂ ਐੱਸ.ਐੱਸ.ਪੀ. ਨੇ ਕਿਹਾ ਕਿ ਕਰੀਬ ਤਿੰਨ ਦਿਨ੍ਹਾਂ ਤੋਂ ਪੁਲਿਸ ਮੁਲਾਜਮਾਂ ਦੀਆਂ 250 ਟੀਮਾਂ ਨਿਯੁਕਤ ਕੀਤੀਆ ਗਈਆਂ ਹਨ, ਜਿਨ੍ਹਾਂ ਵਿਚ 1350 ਮੁਲਾਜਮ ਸ਼ਾਮਿਲ ਹਨ ਤਿੰਨ ਦਿਨ੍ਹਾਂ ਮੁਹਿੰਮ ਵਿਚ 34 ਸ਼ੱਕੀ ਵਿਅਕਤੀ ਕਾਬੂ ਕੀਤੇ ਹਨ, ਜਿੰਨਾਂ 'ਚ ਗੈਗਸਟਰਾਂ ਦੇ ਐੱਸੋਸੀਏਟ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਕਈ ਅਪਰਾਧਿਕ ਲੋਕ ਛਾਣਬੀਣ ਹੋਣ 'ਤੇ ਆਪਣੇ ਇਲਾਕੇ ਛੱਡ ਕੇ ਹੋਰ ਥਾਵਾਂ 'ਤੇ ਆ ਜਾਂਦੇ ਹਨ, ਜਿਨ੍ਹਾਂ ਦੀ ਪਛਾਣ ਕਰਨ ਲਈ ਇਹ ਮੁਹਿੰਮ ਚਲਾਈ ਗਈ ਹੈ | ਐੱਸ.ਐੱਸ.ਪੀ. ਲਾਂਬਾ ਨੇ ਕਿਹਾ ਕਿ ਇਹ ਮੁਹਿੰਮ ਸ਼ੁੱਕਰਵਾਰ ਸ਼ਾਮ 4ਵਜੇ ਤੱਕ ਚੱਲੇਗੀ, ਜਿਸ ਵਿਚ ਕਰੀਬ 32 ਲੋਕ ਵੈਰੀਫਾਈ ਕੀਤੇ ਗਏ ਹਨ | ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਅਪਰਾਧਿਕ ਲੋਕਾਂ ਦੀ 112 ਹੈਲਪ ਨੰਬਰ 'ਤੇ ਜਾਣਕਾਰੀ ਦਿੰਦੀ ਜਾਵੇ ਅਤੇ ਇਸੇ ਅਭਿਆਨ ਤਹਿਤ ਹੀ ਸਾਵਨ ਕੁਮਾਰ ਉਰਫ ਟੀਪੂ ਪੁੱਤਰ ਬਿੱਟੂ ਵਾਸੀ ਮੁਹੱਲਾ ਬਰੜਾਂ ਵਾਲਾ, ਵਾਰਡ ਨੰਬਰ 6 ਪੱਟੀ ਪਾਸੋਂ 10 ਗ੍ਰਾਮ ਹੈਰੋਇਨ ਬਰਾਮਦ ਕਰਕੇ ਮੁਕੱਦਮਾ ਜੁਰਮ 21ਬੀ., 27 ਏ., ਐਨ.ਡੀ.ਪੀ.ਐੱਸ. ਐਕਟ ਥਾਣਾ ਸਿਟੀ ਪੱਟੀ ਦਰਜ ਰਜਿਸਟਰ ਕੀਤਾ ਗਿਆ | ਇਸ ਤੋਂ ਇਲਾਵਾ ਜਸਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਸੰਗਵਾਂ ਅਤੇ ਮਨਪ੍ਰੀਤ ਉਰਫ ਬੱਬਲੂ ਪੁੱਤਰ ਬਲਜੀਤ ਸਿੰਘ ਵਾਸੀ ਕੁੱਲਾ ਨੂੰ ਗਿ੍ਫ਼ਤਾਰ ਕਰਕੇ ਜੁਰਮ 22, 27 ਐਨ.ਡੀ.ਪੀ.ਸੀ. ਐਕਟ ਥਾਣਾ ਸਦਰ ਪੱਟੀ ਦਰਜ ਰਜਿਸਟਰ ਕਰਕੇ 410 ਨਸ਼ੀਲੀਆਂ ਗੋਲੀਆਂ ਅਤੇ 2750 ਰੁਪਏ ਡਰੱਗ ਮਨੀ ਬ੍ਰਾਮਦ ਕੀਤੀ ਗਈ | ਇਸ ਤੋਂ ਇਲਾਵਾ 4 ਵਹੀਕਲ ਬਾਊਾਡ ਕੀਤੇ ਗਏ ਅਤੇ 5 ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰਕੇ ਪੁੱਛ ਗਿੱਛ ਲਈ ਥਾਣਾ ਸਿਟੀ ਪੱਟੀ ਲਿਆਦਾ ਗਿਆ | ਇਸ ਮੌਕੇ ਖੁਸ਼ਬੀਰ ਕੌਰ ਐੱਸ.ਪੀ. ਤਰਨ ਤਾਰਨ , ਜਗਬੀਰ ਸਿੰਘ ਡੀ.ਐੱਸ.ਪੀ. ਸਬ ਡਵੀਜਨ ਪੱਟੀ, ਇੰਸ: ਕੰਵਲਜੀਤ ਰਾਏ ਥਾਣਾ ਮੁੱਖੀ ਸਿਟੀ ਪੱਟੀ, ਐੱਸ.ਆਈ. ਵਿਪਨ ਕੁਮਾਰ ਥਾਣਾ ਮੁੱਖੀ ਸਦਰ ਪੱਟੀ ਮੌਜੂਦ ਸਨ |