ਤਰਨ ਤਾਰਨ, 27 ਜਨਵਰੀ (ਇਕਬਾਲ ਸਿੰਘ ਸੋਢੀ)-ਜ਼ਿਲ੍ਹਾ ਤਰਨ ਤਾਰਨ ਵਿਚ ਸਕਸ਼ਮ ਆਂਗਣਵਾੜੀ ਅਤੇ ਪੋਸ਼ਣ 2.0 ਯੋਜਨਾ ਅਧੀਨ 'ਪੋਸ਼ਣ ਵੀ, ਪੜ੍ਹਾਈ ਵੀ' ਮੁਹਿੰਮ ਤਹਿਤ ਆਂਗਣਵਾੜੀ ਵਰਕਰਾਂ ਲਈ ਟਾਇਰ ਟੂ (ਫੇਸ 2) ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਰਾਹੁਲ ਅਰੋੜਾ ਨੇ ਦੱਸਿਆ ਕਿ ਪਹਿਲੇ ਬੈਚ ਤਹਿਤ ਬਲਾਕ ਨੌਸ਼ਹਿਰਾ ਪੰਨੰੂਆ ਦੇ ਆਂਗਣਵਾੜੀ ਕੇਂਦਰਾਂ ਵਿਚ ਕਾਰਜਰਤ ਆਂਗਣਵਾੜੀ ਵਰਕਰਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ | ਇਸ ਮੌਕੇ ਸ਼੍ਰੀਮਤੀ ਨਤਾਸ਼ਾ ਸਾਗਰ (ਬਾਲ ਵਿਕਾਸ ਪ੍ਰੋਜੈਕਟ ਅਫ਼ਸਰ, ਨੌਸ਼ਹਿਰਾ ਪੰਨੂਆ) ਵੀ ਹਾਜ਼ਰ ਰਹੇ ਅਤੇ ਉਨ੍ਹਾਂ ਵਲੋਂ ਟ੍ਰੇਨਿੰਗ ਕਾਰਜਕ੍ਰਮ ਦੀ ਸਮੀਖਿਆ ਕੀਤੀ ਗਈ | ਟ੍ਰੇਨਿੰਗ ਦੌਰਾਨ ਬੱਚਿਆਂ ਦੀ ਸਮੁੱਚੀ ਵਿਕਾਸੀ ਪ੍ਰਕਿਰਿਆ, ਪੋਸ਼ਣ, ਸਿਹਤ, ਸ਼ੁਰੂਆਤੀ ਬਚਪਨ ਸਿੱਖਿਆ (ਈ.ਸੀ.ਸੀ.ਈ.) ਅਤੇ ਸਰਗਰਮੀ ਆਧਾਰਿਤ ਪੜ੍ਹਾਈ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਟ੍ਰੇਨਿੰਗ ਨੂੰ ਗੁਰਵੇਲ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਪੋਸ਼ਣ, ਮਨਪ੍ਰੀਤ ਕੌਰ ਬਲਾਕ ਕੋਆਰਡੀਨੇਟਰ ਪੋਸ਼ਣ, ਮਨਿੰਦਰਪਾਲ ਕੌਰ ਸੁਪਰਵਾਈਜ਼ਰ ਬਲਾਕ ਨੌਸ਼ਹਿਰਾ ਪੰਨੂੰਆਂ ਅਤੇ ਸੁਮਨਦੀਪ ਕੌਰ ਸੁਪਰਵਾਈਜ਼ਰ ਬਲਾਕ ਤਰਨ ਤਾਰਨ ਵਲੋਂ ਕਰਵਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਵਰਕਰਾਂ ਦੀ ਸਮਰੱਥਾ ਵਿਚ ਵਾਧਾ ਕਰਨਾ ਹੈ, ਤਾਂ ਜੋ ਬੱਚਿਆਂ ਨੂੰ ਪੋਸ਼ਣ ਦੇ ਨਾਲ-ਨਾਲ ਗੁਣਵੱਤਾਪੂਰਨ ਸਿੱਖਿਆ ਵੀ ਮੁਹੱਈਆ ਕਰਵਾਈ ਜਾ ਸਕੇ | ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਦੇ ਹੋਰ ਬਲਾਕਾਂ ਦੇ ਆਂਗਣਵਾੜੀ ਵਰਕਰਾਂ ਲਈ ਵੀ ਇਸ ਤਰ੍ਹਾਂ ਦੀਆਂ ਟ੍ਰੇਨਿੰਗਾਂ ਕਰਵਾਈਆਂ ਜਾਣਗੀਆਂ |