ਤਰਨ ਤਾਰਨ, 28 ਜਨਵਰੀ (ਹਰਿੰਦਰ ਸਿੰਘ)- ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਸੱਦੇ 'ਤੇ ਜ਼ਿਲ੍ਹਾ ਤਰਨ ਤਾਰਨ ਸੰਯੁਕਤ ਮੋਰਚੇ ਵਿਚ ਸ਼ਾਮਿਲ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨਾਂ ਵਲੋਂ ਵੱਡੀ ਗਿਣਤੀ ਵਿਚ ਇਕ ਟਰੈਕਟਰ ਮਾਰਚ ਕੱਢਿਆ ਗਿਆ | ਇਹ ਟਰੈਕਟਰ ਮਾਰਚ ਸਭ ਤੋਂ ਪਹਿਲਾਂ ਸਹਿਕਾਰੀ ਸ਼ੂਗਰ ਮਿੱਲ ਸ਼ੇਰੋ ਦੇ ਸਾਹਮਣੇ ਸੜਕ ਦੇ ਦੋਵੇਂੇ ਪਾਸੇ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਟਰੈਕਟਰ ਮਾਰਚ ਵਿਚ ਜਮਹੂਰੀ ਕਿਸਾਨ ਸਭਾ, ਬੀ.ਕੇ.ਯੂ. ਰਾਜੇਵਾਲ, ਕਿਰਤੀ ਕਿਸਾਨ ਯੂਨੀਅਨ, ਕੁਲਹਿੰਦ ਕਿਸਾਨ ਸਭਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਟਾਂਡਾ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਏਕਤਾ ਪੰਜਾਬ, ਬੀ.ਕੇ.ਯੂ. ਏਕਤਾ ਉਗਰਾਹਾਂ, ਕੌਮੀ ਕਿਸਾਨ ਯੂਨੀਅਨ, ਕਿਸਾਨ ਸੰਘਰਸ਼ ਕਮੇਟੀ ਪੰਜਾਬ ਰਵੀ ਆਦਿ ਕਿਸਾਨ ਜਥੇਬੰਦੀਆਂ ਨੇ ਭਾਗ ਲਿਆ | ਇਸ ਮੌਕੇ ਬੋਲਦਿਆਂ ਹੋਇਆ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਵਲੋਂ ਦਿੱਲੀ ਮੋਰਚੇ ਦੌਰਾਨ ਕਿਸਾਨਾਂ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਵਾਅਦਾ ਖ਼ਿਲਾਫੀਆਂ ਵਿਰੁੱਧ ਕਿਸਾਨਾਂ ਨੇ ਸਖ਼ਤ ਗੁੱਸਾ ਗੁੱਸੇ ਦਾ ਪ੍ਰਗਟਾ ਕੀਤਾ | ਇੱਥੇ ਹੀ ਬੱਸ ਨਹੀਂ ਨੇਤਾਵਾਂ ਨੇ ਬੋਲਦਿਆਂ ਹੋਇਆਂ ਕੇਂਦਰ ਸਰਕਾਰ ਵਲੋਂ ਮੁੜ ਤੋਂ ਕਿਸਾਨਾਂ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਹਿਤਾਂ ਵਿਰੁੱਧ ਬਿਜਲੀ ਬਿਲ 2025 ,ਬੀਜ ਸੋਧ ਬਿਲ 2025, ਕਿਰਤ ਕਾਨੂੰਨ ਕੋਡ ਅਤੇ ਮਨਰੇਗਾ ਨੂੰ ਖਤਮ ਕਰਨ ਵਰਗੇ ਕਾਨੂੰਨ ਵਾਪਸ ਲੈਣ ਦੀ ਜੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ | ਇਸ ਮੌਕੇ ਬੋਲਦਿਆਂ ਹੋਇਆਂ ਜੱਸਾ ਸਿੰਘ ਕੱਦਗਿਲ, ਮਨਜੀਤ ਸਿੰਘ ਬੱਗੂ, ਤਰਸੇਮ ਸਿੰਘ ਲੁਹਾਰ ਨਛੱਤਰ ਸਿੰਘ ਮੁਗਲਚੱਕ, ਹਰਜੀਤ ਸਿੰਘ ਰਵੀ, ਨਿਰਵੈਰ ਸਿੰਘ ਡਾਲੇਕੇ, ਬਾਬਾ ਸਲੱਖਣ ਸਿੰਘ ਮੰਡਾਲਾ, ਪੂਰਨ ਸਿੰਘ ਮਾੜੀਮੇਘਾ, ਤਾਰਾ ਸਿੰਘ ਸੈਨਿਕ ਸੰਘਰਸ਼ ਕਮੇਟੀ ਆਦਿ ਨੇਤਾਵਾਂ ਨੇ ਸਹਿਕਾਰੀ ਖੰਡਮਿਲ ਸ਼ੇਰੋੋਂ ਦੀ ਮਾਲਕੀ ਕਾਰਪੋਰੇਸ਼ਨ ਦੇ ਨਾਂਅ ਕਰਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਨੇਤਾਵਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਸੁਰ ਵਿਚ ਚਿਤਾਵਨੀ ਦਿੱਤੀ ਕਿ ਜੇਕਰ ਪੰਜ ਫਰਵਰੀ ਤੱਕ ਸਰਕਾਰ ਨੇ ਸਹਿਕਾਰੀ ਮਿਲ ਵੇਚਣ ਦਾ ਤਾਨਾਸ਼ਾਹੀ ਫੁਰਮਾਨ ਵਾਪਸ ਨਾ ਲਿਆ ਤਾਂ ਸੰਯੁਕਤ ਕਿਸਾਨ ਮੋਰਚਾ ਤੁਰੰਤ ਮੀਟਿੰਗ ਕਰਕੇ ਇਸ ਸਬੰਧੀ ਤਿੱਖੇ ਐਕਸ਼ਨ ਦਾ ਐਲਾਨ ਕਰੇਗਾ, ਜਿਸ ਦੀ ਪੂਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਏਗੀ | ਇਸ ਧਰਨੇ ਵਿਚ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਤੁੜ, ਦਿਲਜੀਤ ਸਿੰਘ ਦਿਆਲਪੁਰਾ, ਗੁਰਚਰਨ ਸਿੰਘ ਸਭਰਾ, ਰੇਸ਼ਮ ਸਿੰਘ ਫੈਲੋਕੇ, ਸੁਖਚੈਨ ਸਿੰਘ ਸਰਹਾਲੀ, ਮਹਾਂਵੀਰ ਸਿੰਘ ਗਿੱਲ, ਭੁਪਿੰਦਰ ਸਿੰਘ ਪੰਡੋਰੀ ਤਖਤਮਲ, ਹਰਦੀਪ ਸਿੰਘ ਜੋੜਾ, ਪ੍ਰਗਟ ਸਿੰਘ ਸ਼ੇਰੋੋਂ, ਸੁਖਵੰਤ ਸਿੰਘ, ਹਰਪ੍ਰੀਤ ਸਿੰਘ ਕੋਟ, ਚਮਕੌਰ ਸਿੰਘ ਭੁੱਲਰ, ਕੁਲਵੰਤ ਸਿੰਘ, ਪ੍ਰਗਟ ਸਿੰਘ ਮਹਿਦੀਪੁਰ ਹਾਜ਼ਰ ਸਨ | ਸਟੇਜ ਸਕੱਤਰ ਵਜੋਂ ਰਤਨ ਸਿੰਘ ਢੰਡ ਨੇ ਭੂਮਿਕਾ ਨਿਭਾਈ | ਸਹਿਕਾਰੀ ਸ਼ੂਗਰ ਮਿੱਲ ਸ਼ੇਰੋ ਤੋਂ ਰੋਸ ਪ੍ਰਦਰਸ਼ਨ ਤੋਂ ਬਾਅਦ ਇਹ ਟਰੈਕਟਰ ਮਾਰਚ ਡਿਪਟੀ ਕਮਿਸ਼ਨਰ ਦਫਤਰ ਤਰਨ ਤਾਰਨ ਦੇ ਦਫਤਰ ਬਾਹਰ ਖਤਮ ਕੀਤਾ ਗਿਆ | ਇਸ ਸਮੇਂ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਦੇ ਹੱਕ ਵਿਚ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ |
ਸੰਯੁਕਤ ਕਿਸਾਨ ਮੋਰਚੇ ਵਲੋਂ ਕੱਢਿਆ ਗਿਆ ਟਰੈਕਟਰ ਮਾਰਚ <br/>
ਟਰੈਕਟਰ ਮਾਰਚ ਕੱਢਦੇ ਹੋਏ ਸੰਯੁਕਤ ਕਿਸਾਨ ਮੋਰਚਾ ਦੇ ਆਗੂ |<br/>
29-01-2026