ਅਟਾਰੀ ਸਰਹੱਦ, 31 ਜਨਵਰੀ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)-ਸਰਹੱਦੀ ਇਲਾਕੇ ਵਿਚ ਵਿਦਿਆ ਦੇ ਪ੍ਰਚਾਰ ਪ੍ਰਸਾਰ ਲਈ ਅਹਿਮ ਯੋਗਦਾਨ ਪਾ ਰਹੀ ਸੰਸਥਾ ਚੀਫ਼ ਖਾਲਸਾ ਦੀਵਾਨ ਅਧੀਨ ਆਉਂਦੇ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਟਾਰੀ ਰੇਲਵੇ ਸਟੇਸ਼ਨ ਵਿਖੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਸ ਵਾਰ ਵੀ ਵੱਡੀ ਪੱਧਰ 'ਤੇ ਸਕੂਲ ਮੈਨੇਜਮੈਂਟ ਵਲੋਂ ਅਥਾਹ ਸ਼ਰਧਾ ਨਾਲ ਮਨਾਇਆ ਗਿਆ | ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਰਸੋਂ ਰੋਜ ਤੋਂ ਸ੍ਰੀ ਗੁਰੂ ਹਰਿਕਿ੍ਸ਼ਨ ਪਬਲਿਕ ਸਕੂਲ ਅਟਾਰੀ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਇੱਥੇ ਪਾਏ ਗਏ ਉਪਰੰਤ ਨੀਲਧਾਰੀ ਗੁਰਦੁਆਰਾ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਨਿਰੰਜਨ ਸਿੰਘ ਅਤੇ ਸਕੂਲ ਦੇ ਬੱਚੇ ਬੱਚੀਆਂ ਵਲੋਂ ਸ਼ਬਦ ਕੀਰਤਨ ਰਾਹੀਂ ਇਲਾਕੇ ਭਰ ਦੀਆਂ ਪੁੱਜੀਆਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਸਕੂਲੀ ਬੱਚਿਆਂ ਵਲੋਂ ਧਾਰਮਿਕ ਵਿਚਾਰਾਂ ਦੀ ਸਾਂਝ ਵੀ ਪਾਈ ਗਈ | ਇਸ ਤੋਂ ਉਪਰੰਤ ਪਿ੍ੰਸੀਪਲ ਗੁਰਪ੍ਰੀਤ ਕੌਰ ਰੋਹੇਵਾਲ ਵਲੋਂ ਕਸਬਾ ਅਟਾਰੀ ਸ਼ਾਮ ਸਿੰਘ ਦੇ ਸਰਬ ਸੰਮਤੀ ਤੇ ਨਿਰਪੱਖਤਾ ਨਾਲ ਚੁਣੇ ਗਏ ਇਲਾਕੇ ਭਰ ਦੇ ਇੱਕਲੌਤੇ ਸਰਪੰਚ ਹਰਪ੍ਰੀਤ ਸਿੰਘ ਹੈਪੀ ਅਟਾਰੀ ਨੂੰ ਸਕੂਲ ਵਿਖੇ ਧਾਰਮਿਕ ਸਮਾਗਮ ਵਿਚ ਪਹੁੰਚਣ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਧਾਰਮਿਕ ਸਮਾਗਮ ਵਿਚ ਹਾਜ਼ਰੀ ਭਰਨ ਲਈ ਚੀਫ ਖਾਲਸਾ ਦੀਵਾਨ ਦੇ ਮੈਂਬਰ ਇੰਚਾਰਜ ਅਜੀਤ ਸਿੰਘ ਖਹਿਰਾ, ਸੰਸਥਾ ਦੇ ਸਕੱਤਰ ਜਸਪਾਲ ਸਿੰਘ ਢਿੱਲੋਂ ਤੇ ਇਲਾਕੇ ਭਰ ਦੀਆਂ ਸੰਗਤਾਂ ਸਕੂਲ ਦਾ ਸਟਾਫ ਤੇ ਬੱਚੇ ਹਾਜ਼ਰ ਸਨ | ਇਸ ਮੌਕੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ | ਇਸ ਮੌਕੇ ਇਲਾਕਾ ਨਿਵਾਸੀਆਂ ਦਾ ਸਕੂਲ ਵਿਖੇ ਆਉਣ ਤੇ ਪਿ੍ੰ: ਗੁਰਪ੍ਰੀਤ ਕੌਰ ਰੋਹੇਵਲ ਵਲੋਂ ਜੀ ਆਇਆਂ ਕਿਹਾ ਗਿਆ |