ਅੰਮਿ੍ਤਸਰ, 2 ਫਰਵਰੀ (ਹਰਮਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੰਸਦੀ ਬੋਰਡ ਵਲੋਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੂੰ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਕੇਂਦਰੀ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ | ਚੁੱਘ ਦੀ ਇਸ ਨਿਯੁਕਤੀ ਨੂੰ ਲੈ ਕੇ ਭਾਜਪਾ ਦੇ ਅੰਮਿ੍ਤਸਰ ਸਥਿਤ ਵਰਕਰਾਂ 'ਚ ਖੁਸ਼ੀ ਦੀ ਲਹਿਰ ਹੈ | ਇਸ ਮੌਕੇ ਭਾਜਪਾ ਦੇ ਸਥਾਨਕ ਸੀਨੀਅਰ ਆਗੂ ਹੇਮੰਤ ਮਹਿਰਾ 'ਪਿੰਕੀ' ਨੇ ਇਸ ਮਹੱਤਵਪੂਰਨ ਜ਼ਿੰਮੇਵਾਰੀ ਲਈ ਭਾਜਪਾ ਦੀ ਉੱਚ ਲੀਡਰਸ਼ਿਪ ਅਤੇ ਸੰਸਦੀ ਬੋਰਡ ਦਾ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਚੁੱਘ ਹਮੇਸ਼ਾ ਵਾਂਗ, ਪਾਰਟੀ ਦੁਆਰਾ ਉਨ੍ਹਾਂ 'ਤੇ ਰੱਖੇ ਗਏ ਵਿਸ਼ਵਾਸ ਨਾਲ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ, ਨਿਰਪੱਖਤਾ ਅਤੇ ਸੰਗਠਨਾਤਮਕ ਨਿਯਮਾਂ ਦੇ ਅਨੁਸਾਰ ਨਿਭਾਉਣਗੇ | ਮਹਿਰਾ ਨੇ ਕਿਹਾ ਕਿ ਮਨੀਪੁਰ ਵਰਗੇ ਸੰਵੇਦਨਸ਼ੀਲ ਅਤੇ ਮਹੱਤਵਪੂਰਨ ਰਾਜ ਵਿਚ ਉਨ੍ਹਾਂ ਦੀ ਤਰਜੀਹ ਪਾਰਟੀ ਏਕਤਾ ਅਤੇ ਲੋਕਤੰਤਰੀ ਪਰੰਪਰਾਵਾਂ ਦੇ ਅਨੁਸਾਰ ਵਿਧਾਇਕ ਦਲ ਦੇ ਆਗੂ ਦੀ ਚੋਣ ਨੂੰ ਯਕੀਨੀ ਬਣਾਉਣਾ ਹੋਵੇਗੀ |