ਪੱਟੀ, 11 ਮਾਰਚ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹਿਰ ਪੱਟੀ ਦੇ ਕਾਲਜ ਰੋਡ ਉੱਪਰ ਕਾਂਗਰਸ ਸਰਕਾਰ ਦੇ ਦੌਰ ਵਿਚ ਡਾ. ਸੁਦਰਸ਼ਨ ਤ੍ਰੇਹਨ ਦੀ ਯਾਦ ਵਿਚ ਬਣਾਈ ਗਈ ਪਾਰਕ ਦੀ ਬਦਹਾਲ ਹਾਲਤ ਕਾਰਨ ਸੈਰ ਕਰਨ ਆਉਣ ਵਾਲੇ ਬਜ਼ੁਰਗਾਂ, ਔਰਤਾਂ ਅਤੇ ਬੱਚਿਆਂ ਨੂੰ ਰੋਜ਼ਾਨਾ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪਾਰਕ ਵਿਚ ਨਾ ਤਾਂ ਰੌਸ਼ਨੀ ਦਾ ਇੰਤਜ਼ਾਮ ਢੰਗ ਨਾਲ ਹੈ ਅਤੇ ਨਾ ਹੀ ਸਫ਼ਾਈ ਦਾ ਕੋਈ ਮੁਨਾਸਿਬ ਪ੍ਰਬੰਧ ਨਜ਼ਰ ਆ ਰਿਹਾ ਹੈ, ਜਿਸ ਕਾਰਨ ਇਲਾਕੇ ਦੇ ਲੋਕਾਂ ਵਿਚ ਨਗਰ ਕੌਂਸਲ ਪ੍ਰਤੀ ਗਹਿਰੀ ਨਾਰਾਜ਼ਗੀ ਵੇਖੀ ਜਾ ਰਹੀ ਹੈ | ਇਸ ਸਬੰਧੀ ਮੌਕੇ 'ਤੇ ਜਾਣਕਾਰੀ ਦਿੰਦਿਆਂ ਸ਼ਹਿਰ ਦੇ ਪਤਵੰਤੇ ਸ਼ੋਭਾ ਸਿੰਘ ਨੇ ਦੱਸਿਆ ਕਿ ਇਹ ਪਾਰਕ ਸ਼ਹਿਰ ਦੇ ਲੋਕਾਂ ਲਈ ਤੰਦਰੁਸਤੀ ਨੂੰ ਮੁੱਖ ਰੱਖਦਿਆਂ ਸੈਰ ਲਈ ਬਣਾਈ ਗਈ ਸੀ, ਪਰ ਮੌਜੂਦਾ ਸਮੇਂ ਵਿਚ ਇਸ ਦੀ ਹਾਲਤ ਕਾਫੀ ਖਸਤਾਹਾਲ ਹੋ ਚੁੱਕੀ ਹੈ | ਉਨ੍ਹਾਂ ਕਿਹਾ ਕਿ ਪਾਰਕ ਵਿਚ ਲੱਗੀਆਂ ਬਹੁਤ ਸਾਰੀਆਂ ਲਾਈਟਾਂ ਬੰਦ ਪਈਆਂ ਹਨ, ਜਿਸ ਕਾਰਨ ਤੜਕਸਾਰ ਅਤੇ ਸ਼ਾਮ ਦੇ ਸਮੇਂ ਸੈਰ ਕਰਨ ਆਉਣ ਵਾਲੀਆਂ ਔਰਤਾਂ ਆਪਣੇ ਆਪ ਨੂੰ ਗੈਰ-ਮਹਿਫੂਜ਼ ਮਹਿਸੂਸ ਕਰਦੀਆਂ ਹਨ | ਹਨੇਰੇ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਲਈ ਵੀ ਪਾਰਕ ਅੰਦਰ ਤੁਰਨਾ ਮੁਸ਼ਕਿਲ ਹੋ ਜਾਂਦਾ ਹੈ | ਉਨ੍ਹਾਂ ਦੱਸਿਆ ਕਿ ਪਾਰਕ ਵਿਚ ਬੈਠਣ ਅਤੇ ਆਰਾਮ ਕਰਨ ਲਈ ਬਣੇ ਬੈਂਚਾਂ ਦੀ ਹਾਲਤ ਵੀ ਠੀਕ ਨਹੀਂ ਅਤੇ ਕਈ ਥਾਵਾਂ 'ਤੇ ਸਫ਼ਾਈ ਦਾ ਅਭਾਵ ਸਪੱਸ਼ਟ ਨਜ਼ਰ ਆਉਂਦਾ ਹੈ | ਪਾਰਕ ਦੇ ਅੰਦਰ ਅਤੇ ਬਾਹਰ ਕਈ ਥਾਵਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਹਨ, ਜਿਸ ਨਾਲ ਨਾ ਸਿਰਫ਼ ਮਾਹੌਲ ਖ਼ਰਾਬ ਹੋ ਰਿਹਾ ਹੈ ਸਗੋਂ ਲੋਕਾਂ ਦੀ ਸਿਹਤ 'ਤੇ ਵੀ ਮੰਦਾ ਅਸਰ ਪੈ ਸਕਦਾ ਹੈ | ਸੋਭਾ ਸਿੰਘ ਨੇ ਨਗਰ ਕੌਂਸਲ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਰਕ ਵਿੱਚ ਰੋਸ਼ਨੀ, ਸਫਾਈ ਅਤੇ ਬੈਠਣ ਦੇ ਮੁਨਾਸਿਬ ਇੰਤਜ਼ਾਮ ਤੁਰੰਤ ਕੀਤੇ ਜਾਣ ਤਾਂ ਜੋ ਸੈਰ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਇਹ ਪਾਰਕ ਆਪਣੇ ਅਸਲ ਮਕਸਦ ਅਨੁਸਾਰ ਲੋਕਾਂ ਲਈ ਤਫਰੀਹਗਾਹ ਬਣ ਸਕੇ | ਇਸ ਮਾਮਲੇ ਸੰਬੰਧੀ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਰਾਬਤਾ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਾਰਕ ਦੀ ਸਫਾਈ ਅਤੇ ਰੋਸ਼ਨੀ ਸਬੰਧੀ ਤਫਤੀਸ਼ ਕਰਕੇ ਜਲਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਕਮੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ |