ਤਰਨ ਤਾਰਨ, 11 ਮਾਰਚ (ਹਰਿੰਦਰ ਸਿੰਘ)-ਤਰਨ ਤਾਰਨ ਸ਼ਹਿਰ ਜੋ ਕਿ ਇਤਿਹਾਸਕ ਗੁਰੂ ਨਗਰੀ ਹੈ ਵਿਖੇ ਟ੍ਰੈਫਿਕ ਸਮੱਸਿਆ ਗੰਭੀਰ ਬਣੀ ਹੋਈ ਹੈ ਅਤੇ ਰੋਜਾਨਾਂ ਹੀ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਉਪਰ ਵਾਹਨਾਂ ਦੇ ਭਾਰੀ ਜਾਮ ਦੇਖਣ ਨੂੰ ਮਿਲ ਰਹੇ ਹਨ, ਜਿਸ ਦਾ ਮੁੱਖ ਕਾਰਨ ਸ਼ਹਿਰ ਵਿਚ ਦੁਕਾਨਦਾਰਾਂ ਅਤੇ ਰੇਹੜੀ ਵਾਲਿਆਂ ਵਲੋਂ ਸੜਕਾਂ ਅਤੇ ਬਾਜ਼ਾਰਾਂ ਵਿਚ ਕੀਤੇ ਹੋਏ ਨਾਜਾਇਜ਼ ਕਬਜੇ ਹਨ | ਦੇਖਣ ਵਿਚ ਆ ਰਿਹਾ ਹੈ ਕਿ ਤਰਨ ਤਾਰਨ ਸ਼ਹਿਰ ਦੀਆਂ ਸੜਕਾਂ ਕਿਨਾਰੇ ਬਣੇ ਫੁੱਟਪਾਥਾਂ ਅਤੇ ਵੱਖ-ਵੱਖ ਬਾਜ਼ਾਰਾਂ ਵਿਚ ਦੁਕਾਨਦਾਰਾਂ ਵਲੋਂ ਵੱਡੀ ਪੱਧਰ 'ਤੇ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਬਾਜ਼ਾਰਾਂ ਵਿਚੋਂ ਲੰਘਣਾ ਮੁਸ਼ਕਿਲ ਹੋਇਆ ਪਿਆ ਹੈ ਅਤੇ ਸ਼ਹਿਰ ਦੀਆਂ ਸੜਕਾਂ ਉਪਰ ਵਾਹਨਾਂ ਦੇ ਲੰਮੇ ਲੰਮੇ ਜਾਮ ਲੱਗੇ ਦੇਖੇ ਜਾ ਸਕਦੇ ਹਨ, ਜਿਨ੍ਹਾਂ ਵਿਚ ਲੋਕ ਕਈ ਕਈ ਚਿਰ ਫਸੇ ਰਹਿੰਦੇ ਹਨ ਅਤੇ ਪ੍ਰੇਸ਼ਾਨ ਹੁੰਦੇ ਹਨ | ਟ੍ਰੈਫਿਕ ਪੁਲਿਸ ਵਲੋਂ ਕਦੀ ਕਦਾਈ ਸੜਕਾਂ ਅਤੇ ਬਾਜ਼ਾਰਾਂ ਵਿਚੋਂ ਨਾਜਾਇਜ਼ ਕਬਜਿਆਂ ਨੂੰ ਹਟਾਉਮ ਲਈ ਕਾਰਵਾਈ ਕੀਤੀ ਜਾਂਦੀ ਹੈ ਪ੍ਰੰਤੂ ਦੁਕਾਨਦਾਰ ਫਿਰ ਤੋਂ ਨਾਜਾਇਜ਼ ਕਬਜੇ ਕਰ ਲਏ ਜਾਂਦੇ ਹਨ, ਜਿਸ ਕਾਰਨ ਟ੍ਰੈਫਿਕ ਸਮੱਸਿਆ ਦਿਨ ਬ ਦਿਨ ਗੰਭੀਰ ਹੁੰਦੀ ਜਾ ਰਹੀ ਹੈ | ਸ਼ਹਿਰ ਦੇ ਮੁੱਖ ਬਾਜ਼ਾਰ ਅੱਡਾ ਬਾਜ਼ਾਰ, ਤਹਿਸੀਲ ਬਾਜ਼ਾਰ, ਬਖਸ਼ੀਬਾਗ ਬਾਜ਼ਾਰ, ਲੰਗਰ ਬਾਜ਼ਾਰ, ਨਵਾਂ ਬਾਜ਼ਾਰ, ਗਾਰਦ ਬਾਜ਼ਾਰ ਤੋਂ ਇਲਾਵਾ ਸ਼ਹਿਰ ਦੇ ਚਾਰ ਖੰਭਾ ਚੌਂਕ, ਤਹਿਸੀਲ ਚੌਂਕ, ਬੌਹੜੀ ਚੌਂਕ, ਰੇਲਵੇ ਰੋਡ ਵਾਲੀ ਸੜਕ, ਜੰਡਿਆਲਾ ਰੋਡ, ਅੰਮਿ੍ਤਸਰ ਬਾਈਪਾਸ ਤੋਂ ਸਰਹਾਲੀ ਰੋਡ ਤੱਕ ਦੁਕਾਨਦਾਰਾਂ ਅਤੇ ਰੇਹੜੀ ਚਾਲਕਾਂ ਵਲੋਂ ਨਾਜਾਇਜ਼ ਕਬਜੇ ਕੀਤੇ ਹੋਏ ਹਨ, ਜਿਸ ਕਾਰਨ ਸੜਕਾਂ ਦਾ ਰਸਤਾ ਤੰਗ ਹੋ ਰਿਹਾ ਹੈ ਅਤੇ ਲੰਘਣ ਵਾਲੇ ਵਾਹਨਾਂ ਦਾ ਲੰਮਾ ਜਾਮ ਲੱਗ ਜਾਂਦਾ ਹੈ | ਕੁਝ ਕੁ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਅੱਗੇ ਨਾਜਾਇਜ਼ ਤੌਰ 'ਤੇ ਵੱਖ-ਵੱਖ ਖਾਣ ਪੀਣ ਵਾਲੀਆਂ ਚੀਜਾਂ ਦੀਆਂ ਰੇਹੜੀਆਂ ਲਵਾਈਆਂ ਹੋਈਆਂ ਹਨ, ਜਿਨ੍ਹਾਂ ਪਾਸੋਂ ਦੁਕਾਨਦਾਰਾਂ ਵਲੋਂ ਮੋਟਾ ਕਿਰਾਇਆ ਵਸੂਲ ਕੀਤਾ ਜਾਂਦਾ ਹੈ | ਦੂਸਰੀ ਤਰਫ਼ ਕੱਕਾ ਕੰਡਿਆਲਾ ਰੇਲਵੇ ਫਾਟਕ ਉਪਰ ਪੁਲ ਦਾ ਨਿਰਮਾਣ ਚੱਲ ਰਿਹਾ ਹੈ, ਜਿਸ ਕਾਰਨ ਸਾਰੀ ਟ੍ਰੈਫਿਕ ਤਰਨ ਤਾਰਨ ਸ਼ਹਿਰ ਵਿਚੋਂ ਦੀ ਹੋ ਕੇ ਲੰਘਦੀ ਹੈ, ਜਿਸ ਵਿਚ ਭਾਰੀ ਵਾਹਨ ਜਿਨ੍ਹਾਂ ਵਿਚ ਬੱਸਾਂ, ਟਰੱਕ, ਟਰਾਲੇ, ਕੈਂਟਰ ਆਦਿ ਵੀ ਹਨ, ਜਿਸ ਕਾਰਨ ਜਿਥੇ ਸ਼ਹਿਰ ਵਿਚ ਵਾਹਨਾਂ ਦਾ ਜਾਮ ਲੱਗ ਰਿਹਾ ਹੈ, ਉਥੇ ਸ਼ਹਿਰ ਦੀਆਂ ਸੜਕਾਂ ਵੀ ਟੁੱਟ ਰਹੀਆਂ ਹਨ | ਸ਼ਹਿਰ ਨਿਵਾਸੀਆਂ ਨੇ ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਅਤੇ ਟ੍ਰੈਫਿਕ ਇੰਚਾਰਜ ਤਰਨ ਤਾਰਨ ਪਾਸੋਂ ਮੰਗ ਕੀਤੀ ਕਿ ਸ਼ਹਿਰ ਵਿਚ ਵੱਧ ਰਹੀ ਟ੍ਰੈਫਿਕ ਸਮੱਸਿਆ ਨੂੰ ਕੰਟਰੋਲ ਕਰਨ ਲਈ ਉੱਚਿਤ ਕਦਮ ਚੁੱਕੇ ਜਾਣ ਅਤੇ ਸ਼ਹਿਰ ਦੇ ਸਾਰੇ ਚੌਂਕਾਂ ਵਿਚ ਪੁਲਿਸ ਮੁਲਾਜਮਾਂ ਦੀ ਪੱਕੀ ਤਾਇਨਾਤੀ ਤੋਂ ਇਲਾਵਾ ਟ੍ਰੈਫਿਕ ਕੰਟਰੋਲ ਲਾਇਟਾਂ ਲਗਾਈਆਂ ਜਾਣ ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ |