ਅਟਾਰੀ, 3 ਅਪ੍ਰੈਲ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-ਨੀਲਧਾਰੀ ਸੰਸਥਾ ਅਟਾਰੀ ਵਲੋਂ ਸਰਬੱਤ ਦੇ ਭਲੇ ਲਈ ਕੀਰਤਨ ਸਮਾਗਮ ਕਰਵਾਇਆ ਗਿਆ | ਕੀਰਤਨ ਸਮਾਗਮ ਵਿਚ ਪੰਥ ਪ੍ਰਸਿੱਧ ਰਾਗੀ-ਢਾਡੀ, ਕਥਾਵਾਚਕ ਅਤੇ ਕਵੀਸ਼ਰੀ ਜਥਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ ਗਿਆ | ਕੀਰਤਨ ਸਮਾਗਮ ਵਿਚ ਅਟਾਰੀ ਅਤੇ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਲਗਵਾ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਸੰਤ ਬਾਬਾ ਸਤਨਾਮ ਸਿੰਘ ਪਿਪਲੀ ਸਾਹਿਬ ਅਤੇ ਭਾਈ ਨਿਰਮਲ ਸਿੰਘ ਖਾਲਸਾ ਪਿਪਲੀ ਸਾਹਿਬ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਸੰਗਤਾਂ ਨੂੰ ਦਸ ਗੁਰੂ ਸਾਹਿਬਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਾ ਕੇ ਨਿਹਾਲ ਕੀਤਾ | ਸੰਤ ਮਹਾਰਾਜ ਹਰਨਾਮ ਸਿੰਘ ਕਿਲੇ੍ਹ ਵਾਲਿਆਂ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਕਲਿਆਣਸਰ ਅਟਾਰੀ ਦੇ ਮੁੱਖ ਸੇਵਾਦਾਰ ਭਾਈ ਨਿਰੰਜਨ ਸਿੰਘ ਨੀਲਧਾਰੀ ਦੇ ਜਥੇ ਨੇ ਕੀਰਤਨ ਕੀਤਾ ਅਤੇ ਆਏ ਜਥਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਭਾਈ ਹਰਦਿਆਲ ਸਿੰਘ, ਸੰਤ ਜੋਗਿੰਦਰ ਸਿੰਘ ਬਟਾਲਾ, ਸੰਤ ਭਗਵਾਨ ਸਿੰਘ ਵੇਰਕਾ, ਗੁਰਬਚਨ ਸਿੰਘ ਵੇਰਕਾ, ਭਾਈ ਨਿਰੰਜਨ ਸਿੰਘ ਅਟਾਰੀ, ਭਾਈ ਅਰਜਨ ਸਿੰਘ ਪਰਵਾਨਾ ਅਤੇ ਭਾਈ ਮਨਦੀਪ ਸਿੰਘ ਅਟਾਰੀ ਨੇ ਵੀ ਕੀਰਤਨ ਕੀਤਾ | ਭਾਈ ਗੁਰਮੇਲ ਸਿੰਘ, ਭਾਈ ਰਵੇਲ ਸਿੰਘ ਅਤੇ ਭਾਈ ਕਰਮ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਕੀਰਤਨ ਸਮਾਗਮ ਸਰਬੱਤ ਦੇ ਭਲੇ ਲਈ ਕਰਵਾਇਆ ਗਿਆ ਹੈ |