ਤਰਨ ਤਾਰਨ, 7 ਅਪ੍ਰੈਲ (ਹਰਿੰਦਰ ਸਿੰਘ)-ਡਿਪਟੀ ਕਮਿਸ਼ਨਰ ਤਰਨ ਤਾਰਨ ਅਤੇ ਸਿਵਲ ਸਰਜਨ ਤਰਨ ਤਾਰਨ ਦੀ ਅਗਵਾਈ ਹੇਠ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਟੀਮ ਤਰਨਤਾਰਨ ਨੇ ਫੂਡ ਸੇਫਟੀ ਪੰਦਰ੍ਹਵਾੜੇ (7 ਤੋਂ 21 ਅਪ੍ਰੈਲ 2026 ਤੱਕ) ਮਨਾਉਣ ਦੀ ਸ਼ੁਰੂਆਤ ਕੀਤੀ | ਸਥਾਨਕ ਮਾਝਾ ਪਬਲਿਕ ਸਕੂਲ ਵਿਚ ਆਲ ਵੂਮੈਨ ਐਨ.ਜੀ.ਓ. ਇਨਰਵੀਲ੍ਹ ਕਲੱਬ ਤਰਨ ਤਾਰਨ ਦੇ ਮੈਂਬਰਾਂ ਨਾਲ ਇਕ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਗਈ | ਡੀ.ਐਚ.ਓ. ਵਲੋਂ ਬੱਚਿਆਂ ਨੂੰ ਸੁਰੱਖਿਅਤ ਭੋਜਨ ਅਤੇ ਸਿਹਤਮੰਦ ਜੀਵਨ ਸ਼ੈਲੀ ਬਾਰੇ ਜਾਗਰੂਕ ਕੀਤਾ ਗਿਆ | ਛੋਟੇ ਬੱਚਿਆਂ ਨੇ ਵੀ ਸਿਹਤਮੰਦ ਭੋਜਨ ਅਤੇ ਸਫ਼ਾਈ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ | ਪਿ੍ੰਸੀਪਲ ਮਾਝਾ ਪਬਲਿਕ ਸਕੂਲ ਡਾ. ਰਮਨ ਦੁਆ ਨੇ ਵਿਦਿਆਰਥੀਆਂ ਨੂੰ ਪ੍ਰਾਪਤ ਗਿਆਨ ਮਾਪਿਆਂ ਅਤੇ ਭੈਣਾਂ-ਭਰਾਵਾਂ ਨਾਲ ਸਾਂਝਾ ਕਰਨ ਲਈ ਉਤਸ਼ਾਹਿਤ ਕੀਤਾ | ਫੂਡ ਸੇਫਟੀ ਔਨ ਵੀਲ੍ਹਜ਼ ਟੀਮ ਵਲੋਂ ਸਿਵਲ ਹਸਪਤਾਲ ਤਰਨ ਤਾਰਨ ਵਿਖੇ ਨਰਸਿੰਗ ਕਾਲਜ ਦੇ ਵਿਦਿਆਰਥੀਆਂ ਲਈ ਇਕ ਹੋਰ ਜਾਗਰੂਕਤਾ ਕੈਂਪ ਲਗਾਇਆ ਗਿਆ | ਸਿਵਲ ਸਰਜਨ ਤਰਨ ਤਾਰਨ ਦੀ ਮੌਜੂਦਗੀ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਸੁਖਬੀਰ ਕੌਰ ਵਲੋਂ ਵਿਦਿਆਰਥੀਆਂ ਨੂੰ ਬਾਜਰੇ ਦੇ ਲਾਭ ਅਤੇ ਵਿਸ਼ਵ ਸਿਹਤ ਦਿਵਸ 2026 ਦੇ ਥੀਮ ਬਾਰੇ ਜਾਣੂ ਕਰਵਾਇਆ ਗਿਆ | ਡੀ.ਐਫ.ਪੀ.ਓ. ਡਾ. ਭਾਰਤੀ ਧਵਨ, ਡਾ. ਰਣਦੀਪ, ਡਾ. ਰਾਘਵ ਐਪੀਡੇਮੋਲੋਜਿਸਟ ਅਤੇ ਡਾ. ਅਸ਼ਵਿਨ ਨੇ ਹਾਜ਼ਰੀਨ ਨੰੂ ਜਾਣੂ ਕਰਵਾਇਆ |