ਫ਼ਿਰੌਤੀ ਗੈਂਗ ਦੇ ਚਾਰ ਮੁਲਜ਼ਮ ਕਾਬੂ : 2 ਪਿਸਤੌਲ ਬਰਾਮਦ
ਅਜੀਤ ਡੈਸਕ
26-04-2026
ਅੰਮਿ੍ਤਸਰ, 25 ਅਪ੍ਰੈਲ (ਰੇਸ਼ਮ ਸਿੰਘ)-ਜੰਡਿਆਲਾ ਗੁਰੂ ਵਿਖੇ ਫਿਰੌਤੀ ਲਈ ਪ੍ਰਾਪਰਟੀ ਡੀਲਰ ਘਰ ਦੇ ਬਾਹਰ ਦਰਜਨ ਦੇ ਕਰੀਬ ਗੋਲੀਆਂ ਚਲਾ ਕੇ ਦਹਿਸ਼ਤ ਫੈਲਾਉਣ ਦੇ ਮਾਮਲੇ 'ਚ ਪੁਲਿਸ ਵਲੋਂ ਕਾਰਵਾਈ ਕਰਦਿਆਂ ਫਿਰੌਤੀ ਗੈਂਗ ਦੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ ਹੈ | ਜਿਨ੍ਹਾਂ ਪਾਸੋਂ ਪੁਲਿਸ ਨੇ 2 ਪਿਸਤੌਲ ਬਰਾਮਦ ਕੀਤੇ ਹਨ | ਗਿ੍ਫਤਾਰ ਕੀਤੇ 4 ਮੁਲਜ਼ਮਾਂ 'ਚ 2 ਸ਼ੂਟਰ ਵੀ ਸ਼ਾਮਿਲ ਹਨ | ਇਹ ਪ੍ਰਗਟਾਵਾ ਇੱਥੇ ਐੱਸ.ਐੱਸ.ਪੀ. ਸੁਹੇਲ ਕਾਸਿਮ ਮੀਰ ਨੇ ਕਰਦਿਆਂ ਦੱਸਿਆ ਕਿ ਗਿ੍ਫਤਾਰ ਕੀਤੇ ਕਥਿਤ ਮੁਲਜ਼ਮਾਂ ਦੀ ਸ਼ਨਾਖਤ ਰਾਮ ਸਿੰਘ ਉਰਫ ਰੋਮਨ ਵਾਸੀ ਪਿੰਡ ਮਾਨਾਂਵਾਲਾ, ਹਰਪ੍ਰੀਤ ਸਿੰਘ ਉਰਫ ਹੈਪੀ ਵਾਸੀ ਪਿੰਡ ਠੱਠੀਆਂ ਜੰਡਿਆਲਾ ਗੁਰੂ, ਸਤਨਾਮ ਸਿੰਘ ਤੇ ਸਿੰਕਦਰ ਸਿੰਘ ਵਾਸੀਆਂ ਪਿੰਡ ਮਾਨਾਂਵਾਲਾ ਵਜੋਂ ਹੋਈ ਹੈ | ਇਨ੍ਹਾਂ ਪਾਸੋਂ ਬਰਾਮਦ ਹੋਏ ਪਿਸਤੋਲ 30 ਬੋਰ ਦੇ ਹਨ ਜਿਨ੍ਹਾਂ ਨਾਲ 2 ਜਿੰਦਾ ਰੋਂਦ ਵੀ ਬਰਾਮਦ ਹੋਏ ਹਨ | ਦੱਸਣਯੋਗ ਹੈ ਕਿ ਇਹ ਵਾਕਿਆ 19 ਅਪ੍ਰੈਲ ਦਾ ਹੈ ਜਦੋਂ ਕਿ ਪ੍ਰਾਪਰਟੀ ਡੀਲਰ ਸੁਰਿੰਦਰ ਕੁਮਾਰ ਸੋਨੂੰ ਵਾਸੀ ਜੋਤੀਸਰ ਮੁਹੱਲਾ ਜੰਡਿਆਲਾ ਗੁਰੂ ਨੇ ਪੁਲਿਸ ਨੂੰ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਉਹ ਆਪਣੇ ਪਰਿਵਾਰ ਸਮੇਤ ਘਰ 'ਚ ਮੌਜੂਦ ਸੀ ਤਾਂ 2 ਮੋਟਰਸਾਇਕਲਾਂ 'ਤੇ ਆਏ 4 ਅਣਪਛਾਤੇ ਨੌਜਵਾਨਾਂ ਵਲੋਂ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ 11-12 ਗੋਲੀਆਂ ਚਲਾਈਆਂ ਸਨ | ਇਨ੍ਹਾਂ 'ਚੋਂ 9 ਫਾਇਰ ਉਸ ਦੇ ਘਰ ਦੇ ਦੋਵੇਂ ਗੇਟਾਂ 'ਤੇ ਕੰਧ 'ਚ ਲੱਗੇ ਸਨ | ਉਸਨੂੰ ਹੈਪੀ ਜੱਟ ਗੈਂਗਸਟਰ ਵਲੋਂ ਲਗਾਤਰ ਧਮਕੀਆਂ ਮਿਲ ਰਹੀਆਂ ਸਨ ਤੇ 20 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਸੀ | ਇਸ ਮੁਕਦਮੇ ਨੂੰ ਹੱਲਾ ਕਰਨ ਲਈ ਆਦਿਤਿਆ ਵਾਰੀਅਰ ਐੱਸ.ਪੀ.ਡੀ. ਡੀ.ਐਸ.ਪੀ. ਜੰਡਿਆਲਾ ਤੇ ਇੰਚਾਰਜ ਸੀ.ਆਈ.ਏ. ਦੀ ਅਗਵਾਈ ਹੇਠ ਟੀਮਾਂ ਗਠਿਤ ਕੀਤੀਆਂ ਗਈਆਂ ਸਨ |