ਤਰਨ ਤਾਰਨ, 25 ਅਪ੍ਰੈਲ (ਹਰਿੰਦਰ ਸਿੰਘ)-ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਵਲੋਂ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਨੇੜੇ ਗੁਰਦੁਆਰਾ ਮਾਤਾ ਜੀਤ ਕੌਰ ਜੀ ਮੁਗਟ ਵਿਖੇ ਲੰਮੇ ਸਮੇਂ ਤੋਂ ਕਾਰ ਸੇਵਾ ਚੱਲ ਰਹੀ | ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼ਿਕਾਰਘਾਟ ਤੋਂ ਲਗਪਗ ਦੋ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ | ਇਸ ਅਸਥਾਨ ਤੇ ਗੁਰਦੁਆਰਾ ਸਾਹਿਬ ਦੇ ਪੰਜ ਮੰਜ਼ਿਲ ਉਚਾਈ ਵਾਲੇ ਦਰਬਾਰ ਹਾਲ ਦੀ ਸੇਵਾ ਚੱਲ ਰਹੀ ਸੀ ਜੋ ਲਗਪਗ ਮੁਕੰਮਲ ਹੋਣ ਵਾਲੀ ਹੈ | ਇਸ ਅਸਥਾਨ 'ਤੇ ਸੰਪਰਦਾਇ ਵੱਲੋਂ ਪਹਿਲਾਂ ਵੀ ਸੰਗਤ ਦੀ ਰਿਹਾਇਸ਼ ਲਈ ਇਕ ਤਿੰਨ ਮੰਜਿਲਾਂ ਸਰਾਂ ਬਣੀ ਹੋਈ ਹੈ | ਸੰਪਰਦਾਏ ਵਲੋਂ ਇੱਥੇ ਸਿਕਲੀਗਰ ਅਤੇ ਵਣਜਾਰਾ ਸਿੱਖ ਭਾਈਚਾਰੇ ਦੀ ਬੇਹਤਰੀ ਲਈ ਬਾਬਾ ਮੱਖਣ ਸ਼ਾਹ ਲੁਬਾਣਾ ਬਾਬਾ ਲੱਖੀ ਸ਼ਾਹ ਵਣਜਾਰਾ ਗੁਰਮਤਿ ਅਕੈਡਮੀ ਸਥਾਪਿਤ ਕੀਤੀ ਗਈ ਹੈ, ਜਿਸ ਵਿਚ ਵਿਦਿਆਰਥੀ ਕੀਰਤਨ, ਤਬਲਾ, ਗੁਰਬਾਣੀ ਸੰਥਿਆ ਅਤੇ ਸਿੱਖ ਇਤਿਹਾਸ ਦੀ ਵਿਦਿਆ ਗ੍ਰਹਿਣ ਕਰਦੇ ਹਨ | ਵਿਦਿਆਰਥੀਆਂ ਦੀ ਸਿਖਲਾਈ, ਰਿਹਾਇਸ਼, ਲੰਗਰ ਦਾ ਖਰਚਾ ਸੰਪਰਦਾਇ ਵਲੋਂ ਕੀਤਾ ਜਾਂਦਾ ਹੈ | ਬਾਬਾ ਜੀ ਵਲੋਂ ਸੰਗਤ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆ ਇਸ ਅਸਥਾਨ 'ਤੇ 24 ਕਮਰਿਆਂ ਵਾਲੀ ਨਵੀਂ ਤਿੰਨ ਮੰਜਿਲਾਂ ਰਿਹਾਇਸ਼ੀ ਸਰਾਂ ਉਸਾਰਨ ਦੀ ਯੋਜਨਾ ਬਣਾਈ ਗਈ ਸੀ, ਜਿਸ ਨੂੰ ਅਮਲੀ ਜ਼ਾਮਾ ਪਹਿਣਾਉਂਦਿਆਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਅਰਦਾਸ ਕਰਕੇ ਸੰਤ ਬਾਬਾ ਸੁੱਖਾ ਸਿੰਘ ਵਲੋਂ ਆਪਣੇ ਕਰ ਕਮਲਾਂ ਨਾਲ ਇਸ ਸਰਾਂ ਦਾ ਨੀਹ ਪੱਥਰ ਰੱਖਿਆ ਗਿਆ | ਇਸ ਸੇਵਾ ਕਾਰਜ ਉੱਤੇ ਲਗਪਗ ਦੋ ਕਰੋੜ ਰੁਪਏ ਦਾ ਖਰਚ ਆਉਣ ਦੀ ਸੰਭਾਵਨਾ ਹੈ | ਇਸ ਮੌਕੇ ਸੰਗਤ ਵਿਚ ਸੇਠ ਵਿਕਰਮਜੀਤ ਸਿੰਘ ਯੇਵਲਾ, ਦਿਲਬਾਗ ਸਿੰਘ ਨੰਦੇੜ, ਮਨਜਿੰਦਰ ਸਿੰਘ ਬੱਬੂ ਮੁੰਬਈ, ਸੇਠ ਹਰਜੀਤ ਸਿੰਘ ਬੁੱਟਰ, ਬਾਬਾ ਤੇਜਾ ਸਿੰਘ (ਗੁ. ਮਾਤਾ ਸਾਹਿਬ ਕੌਰ), ਕਵੀਸ਼ਰ ਕਰਤਾਰ ਸਿੰਘ ਕਿਰਤੀ, ਪਰਮੇਸ਼ਰ ਸਿੰਘ ਨੰਦੇੜ, ਕਰਤਾਰ ਸਿੰਘ ਸਰਾਂ ਰਾਣਾ, ਜਥੇਦਾਰ ਲਾਭ ਸਿੰਘ, ਸਤਨਾਮ ਸਿੰਘ ਗਿੱਲ, ਸੁੱਖਾ ਸਿੰਘ ਹੁੰਦਲ ਨੰਦੇੜ, ਹੈਰੀ ਚੀਮਾ, ਹਰਦੇਵ ਸਿੰਘ ਬੁੱਟਰ, ਹਰਪਾਲ ਸਿੰਘ ਟਿਕਟਾਂ ਵਾਲੇ, ਬਲਵੀਰ ਸਿੰਘ ਬੁੱਟਰ, ਹਰਪਾਲ ਸਿੰਘ ਬੁੱਟਰ ਅਤੇ ਹੋਰ ਕਈ ਗੁਰਸਿੱਖ ਮੌਜੂਦ ਸਨ |