ਤਰਨ ਤਾਰਨ, 2 ਮਈ (ਹਰਿੰਦਰ ਸਿੰਘ)-ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਮਨੁੱਖੀ ਅਧਿਕਾਰ ਇਨਸਾਫ ਸੰਘਰਸ਼ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਬਾਬਾ ਦਰਸ਼ਨ ਸਿੰਘ, ਵਿਰਸਾ ਸਿੰਘ ਬਹਿਲਾ, ਨਿਰਮਲ ਸਿੰਘ, ਸੁਖਵਿੰਦਰ ਸਿੰਘ ਤਰਨ ਤਾਰਨ, ਹਰਮਨਦੀਪ ਸਿੰਘ, ਕਾਬਲ ਸਿੰਘ ਜੋਧਪੁਰ, ਸਤਵਿੰਦਰ ਸਿੰਘ ਪਲਾਸੌਰ ਨੇ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ | ਪੂਰੇ 42 ਸਾਲ ਬਾਅਦ ਇਹ ਬਿਆਨ ਦਿੱਤਾ ਪੰਜਾਬ ਵਿਧਾਨ ਸਭਾ 'ਚ ਸੂਬੇ ਦੇ ਮੁੱਖ ਮੰਤਰੀ ਨੇ | ਪੂਰੇ 42 ਸਾਲ ਨਾ ਕਿਸੇ ਮੁੱਖ ਮੰਤਰੀ ਨੇ, ਨਾ ਕਿਸੇ ਵਿਧਾਇਕ ਨੇ ਫੌਜੀ ਹਮਲੇ ਦੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਵਾਲਾ ਬਿਆਨ ਨਹੀਂ ਦਿੱਤਾ | ਹੁਣ ਵੀ ਸੂਬੇ ਦੇ ਮੁੱਖ ਮੰਤਰੀ ਦਾ ਬਿਆਨ ਜਦੋਂ ਆਇਆ ਤਾਂ ਵਿਧਾਨ ਸਭਾ ਦੇ ਸਪੀਕਰ ਦਾ ਚਿਹਰਾ ਤੇ ਜਵਾਬ ਵੀ ਦੇਖਣ ਤੇ ਸੁਣਨ ਲਾਇਕ ਸੀ | ਕਾਰਨ ਸੀ ਕਿ ਜਦੋਂ ਸ੍ਰੀ ਦਰਬਾਰ ਸਾਹਿਬ 'ਤੇ ਫੌਜਾਂ ਨੇ ਚੜ੍ਹਾਈ ਕੀਤੀ ਤਾਂ ਰਾਸ਼ਟਰਪਤੀ ਸਨ ਗਿਆਨੀ ਜ਼ੈਲ ਸਿੰਘ ਜੋ ਸਪੀਕਰ ਦੇ ਨੇੜਲੇ ਰਿਸ਼ਤੇਦਾਰ ਸਨ | ਆਗੂਆਂ ਨੇ ਕਿਹਾ ਕਿ 2015 'ਚ ਹੋਈਆਂ ਬੇਅਦਬੀਆਂ ਤੇ ਗੋਲੀ ਕਾਂਡਾਂ ਦੇ ਦੋਸ਼ੀਆਂ ਨੂੰ ਬਚਾਉਣ ਤੋਂ ਬਾਅਦ ਬਿਨਾਂ ਸ਼ੱਕ ਹੀ ਲੱਗਦਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਦਾ ਬਿਆਨ ਕਾਰਵਾਈ ਕਰਨ ਵਾਸਤੇ ਨਹੀਂ ਸਗੋਂ ਰਾਜਨੀਤਿਕ ਮਨੋਰਥਾਂ ਲਈ ਵਧੇਰੇ ਹੈ | ਜਥੇਬੰਦੀਆਂ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ 'ਤੇ ਯੋਜਨਾਬੱਧ ਫੌਜੀ ਹਮਲਾ ਸਿਖਰ ਦਾ ਅੱਤਵਾਦੀ ਹਮਲਾ ਸੀ ਅਤੇ ਸਿੱਖੀ ਨਾਲ 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਕੀਤਾ | ਸੰਵਿਧਾਨ ਕਾਨੂੰਨ ਦੀਆਂ ਧੱਜੀਆਂ ਉਡਾ ਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਹੋਇਆ ਮਿ੍ਤਕਦੇਹਾਂ ਵੀ ਵਾਰਸਾਂ ਨੂੰ ਨਹੀਂ ਸੌਂਪੀਆਂ, ਪਰ ਸੁਪਰੀਮ ਕੋਰਟ ਵੀ ਪੜਤਾਲ ਲਈ ਅੱਗੇ ਨਹੀਂ ਆਇਆ | ਫੌਜੀ ਹਮਲੇ ਸਮੇਂ ਸਕੂਲੀ ਬੱਚਿਆਂ, ਬੀਬੀਆਂ, ਬਜ਼ੁਰਗਾਂ ਸਮੇਤ ਹਜ਼ਾਰਾਂ ਸਿੱਖਾਂ ਦਾ ਦਰਦਨਾਕ ਕਤਲੇਆਮ ਹੋਇਆ ਪਰ ਬਾਦਲਾਂ ਸਮੇਤ ਸਾਰਿਆਂ ਨੇ ਫੌਜੀ ਹਮਲੇ ਦੀ ਪੜਤਾਲ ਦੀ ਬਜਾਏ ਸਗੋਂ ਫੌਜੀ ਹਮਲੇ ਦੇ ਨਿਸ਼ਾਨ ਮਿਟਾ ਕੇ ਫੌਜੀ ਹਮਲੇ ਦਾ ਖੁਰਾ ਖੋਜ ਮਿਟਾਉਣ ਦਾ ਕੰਮ ਕੀਤਾ | ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਮੰਨਣ ਦੀ ਥਾਂ ਅੱਤਵਾਦੀ ਕਹਿੰਦੇ ਰਹੇ ਉਲਟਾ ਪੰਜਾਬ ਵਿਧਾਨ ਸਭਾ ਵਿਚ ਇੰਦਰਾ ਗਾਂਧੀ ਨੂੰ ਸ਼ਰਧਾਂਜਲੀਆਂ ਦਿੰਦੇ ਰਹੇ | ਉਨ੍ਹਾਂ ਕਿਹਾ ਕਿ ਵੱਖ-ਵੱਖ ਰੰਗਾਂ ਦੀਆਂ ਸਰਕਾਰਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਨਾ ਫਾਂਸੀ ਰੱਦ ਕਰਵਾਈ ਤੇ ਨਾ ਹੀ ਬੰਦੀ ਸਿੱਖ ਰਿਹਾਅ ਹੋਣ ਦਿੱਤੇ ਉਲਟਾ ਖਡੂਰ ਸਾਹਿਬ ਤੋਂ ਚੁਣੇ ਐਮ.ਪੀ. ਨੂੰ ਡਿਬਰੂਗੜ੍ਹ ਜ਼ੇਲ੍ਹ ਵਿਚ ਬੰਦ ਕਰ ਦਿੱਤਾ ਅਤੇ ਸੈਂਕੜੇ ਨੌਜਵਾਨ ਯੂ.ਏ.ਪੀ.ਏ. ਲਾ ਕੇ ਜ਼ੇਲ੍ਹਾਂ ਵਿਚ ਡੱਕ ਦਿੱਤੇ |