ਤਰਨ ਤਾਰਨ, 2 ਮਈ (ਪਰਮਜੀਤ ਜੋਸ਼ੀ)-ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਤਰਨ ਤਾਰਨ ਸ੍ਰੀ ਰਾਹੁਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸ੍ਰੀ ਗੁਰੂ ਹਰਕਿ੍ਸ਼ਨ ਪਬਲਿਕ ਸਕੂਲ ਤਰਨ ਤਾਰਨ ਵਿਖੇ ਡਰੱਗ ਤੇ ਸਮਾਜਿਕ-ਆਰਥਿਕ ਜਨਗਣਨਾ ਸੰਬੰਧੀ ਹਲਕਾ ਤਰਨ ਤਾਰਨ ਦੇ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਦੀ ਟ੍ਰੇਨਿੰਗ ਕਰਵਾਈ ਗਈ | ਉੱਪ ਮੰਡਲ ਮੈਜਿਸਟ੍ਰੇਟ ਤਰਨ ਤਾਰਨ ਡਾ. ਕਰਨਵੀਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਇਸ ਟ੍ਰੇਨਿੰਗ ਦੌਰਾਨ ਮਾਸਟਰ ਟ੍ਰੇਨਰਾਂ ਵਲੋਂ ਸੁਪਰਵਾਈਜ਼ਰਾਂ ਅਤੇ ਗਿਣਤੀਕਾਰਾਂ ਨੂੰ ਵਿਸਥਾਰਪੂਰਵਕ ਟ੍ਰੇਨਿੰਗ ਦਿੱਤੀ ਗਈ | ਉੱਪ ਮੰਡਲ ਮੈਜਿਸਟਰੇਟ ਡਾ. ਕਰਨਵੀਰ ਸਿੰਘ ਨੇ ਇਸ ਦੌਰਾਨ ਦੱਸਿਆ ਕਿ ਇਸ ਜਨਗਣਨਾ ਦਾ ਮੁੱਖ ਉਦੇਸ਼ ਨਸ਼ਿਆਂ ਨਾਲ ਸੰਬੰਧਿਤ ਹਾਲਾਤ ਅਤੇ ਲੋਕਾਂ ਦੀ ਸਮਾਜਿਕ-ਆਰਥਿਕ ਸਥਿਤੀ ਬਾਰੇ ਸਹੀ ਅਤੇ ਤਾਜ਼ਾ ਡਾਟਾ ਇਕੱਠਾ ਕਰਨਾ ਹੈ, ਤਾਂ ਜੋ ਸਰਕਾਰ ਵਲੋਂ ਲੋਕ-ਭਲਾਈ ਯੋਜਨਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕੀਤਾ ਜਾ ਸਕੇ | ਉਨ੍ਹਾਂ ਪਾਰਦਰਸ਼ਤਾ, ਅੰਕੜਿਆਂ ਦੀ ਸਟੀਕਤਾ ਅਤੇ ਨਿਰਧਾਰਿਤ ਸਮਾਂ-ਸੀਮਾਵਾਂ ਦੀ ਸਖ਼ਤੀ ਨਾਲ ਪਾਲਣਾ 'ਤੇ ਵੀ ਜ਼ੋਰ ਦਿੱਤਾ | ਇਸ ਦੌਰਾਨ ਉਨ੍ਹਾਂ ਜਨਗਣਨਾ ਐਕਟ ਤਹਿਤ ਮਾਪਦੰਡਾਂ, ਪਰਿਭਾਸ਼ਾਵਾਂ ਅਤੇ ਪ੍ਰਕਿਰਿਆਵਾਂ ਦੀ ਪੂਰੀ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ |