ਹਰੀਕੇ ਪੱਤਣ, 2 ਮਈ (ਸੰਜੀਵ ਕੁੰਦਰਾ)-ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਚਲਾਈ ਜਾ ਰਹੀ ਹੈ ਜਾਗਰੂਕਤਾ ਮੁਹਿੰਮ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਿ੍ਸ਼ੀ ਵਿਗਿਆਨ ਕੇਂਦਰ ਬੂਹ ਵਲੋਂ ਤਰਨ ਤਾਰਨ ਜ਼ਿਲ੍ਹੇ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਸਬੰਧੀ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ | ਇਸ ਸੰਬੰਧੀ ਡਾ. ਨਵਜੋਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਜਾ ਕੇ ਕਿਸਾਨਾਂ ਨੂੰ ਖਾਦਾਂ ਦੀ ਸੁਚੱਜੀ ਵਰਤੋਂ, ਮਿੱਟੀ ਪਰਖ, ਹਰੀ ਖਾਦ ਅਤੇ ਰੂੜੀ ਖਾਦ ਦੀ ਮਹੱੱਤਤਾ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ | ਇਸ ਸਬੰਧੀ ਕਿ੍ਸ਼ੀ ਵਿਗਿਆਨ ਕੇਂਦਰ ਦੇ ਉੱਪ ਨਿਰਦੇਸ਼ਕ ਸਿਖਲਾਈ ਡਾ.ਪ੍ਰਭਜੀਤ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ੳਹ ਕਿ੍ੁਸ਼ੀ ਵਿਗਿਆਨ ਕੇਂਦਰ ਦੀ ਭੂਮੀ ਪਰਖ ਲੈਬੋਰੇਟਰੀ ਵਿਚ ਆਪਣੇ ਖੇਤਾਂ ਦੀ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਪਰਖ ਰਿਪੋਰਟ ਮੁਤਾਬਿਕ ਖਾਦਾਂ ਦੀ ਸੁਚੱਜੀ ਵਰਤੋਂ ਕਰਨ ਤਾਂ ਜੋ ਬੇਲੋੜੀਆਂ ਖਾਦਾਂ ਤੇ ਹੋ ਰਹੇ ਖਰਚੇ ਘਟਾਏ ਜਾ ਸਕਣ | ਉਨ੍ਹਾਂ ਕਿਸਾਨ ਵੀਰਾਂ ਨੂੰ ਆਪਣੇ ਖੇਤਾਂ ਵਿਚ ਰੂੜੀ ਖਾਦ, ਹਰੀ ਖਾਦ ਅਤੇ ਜੈਵਿਕ ਖਾਦਾਂ ਦੀ ਵਰਤੋਂ ਸਬੰਧੀ ਬੇਨਤੀ ਕੀਤੀ | ਉਨ੍ਹਾਂ ਦੱਸਿਆ ਕਿ ਆਉਣ ਵਾਲੇ ਝੋਨੇ ਦੇ ਸੀਜ਼ਨ ਵਿਚ ਕਿ੍ਸ਼ੀ ਵਿਗਿਆਨ ਕੇਂਦਰ ਦੀ ਟੀਮ ਵਲੋਂ ਖਾਦਾਂ ਦੀ ਸੁਚੱਜੀ ਵਰਤੋੋਂ ਸਬੰਧੀ ਵੱਖ- ਵੱਖ ਪਿੰਡਾਂ ਵਿਚ ਕੈਂਪ ਲਗਾਏ ਜਾਣਗੇ ਤਾਂ ਜੋ ਵੱਧ ਤੋਂ ਵੱਧ ਕਿਸਾਨਾਂ ਨੂੰ ਤੱਕ ਇਸ ਸੁਨੇਹੇ ਨੂੰ ਪਹੁੰਚਾਇਆ ਜਾ ਸਕੇ |