ਤਰਨ ਤਾਰਨ, 4 ਮਈ (ਹਰਿੰਦਰ ਸਿੰਘ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਮਨਦੀਪ ਸਿੰਘ ਭਰੋਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਛਮੀ ਬੰਗਾਲ, ਅਸਾਮ ਅਤੇ ਪੁਡੂਚੇਰੀ ਵਿਚ ਭਾਜਪਾ ਦੀ ਇਤਿਹਾਸਕ ਜਿੱਤ ਹੋਈ, ਜਿਸ ਨਾਲ ਆਮ ਜਨਤਾ 'ਚ ਖੁਸ਼ੀ ਦੀ ਲਹਿਰ ਹੈ ਤੇ ਸਾਡੇ ਲਈ ਇਹ ਮਾਣ ਵਾਲੀ ਗੱਲ ਹੈ | ਭਰੋਵਾਲ ਨੇ ਕਿਹਾ ਕਿ ਇਹ ਜਨਤਾ ਵਲੋਂ ਵਿਕਾਸ, ਸੁਸ਼ਾਸਨ ਤੇ ਮਜ਼ਬੂਤ ਅਗਵਾਈ 'ਤੇ ਲਗਾਈ ਮੋਹਰ ਹੈ | ਭਰੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਪ੍ਰਧਾਨ ਨਿਤਿਨ ਨਵੀਨ ਦੇ ਦਿ੍ੜ੍ਹ ਅਗਵਾਈ ਹੇਠ ਇਹ ਜਿੱਤ ਸਿਰਫ਼ ਚੋਣੀ ਨਤੀਜਾ ਨਹੀਂ, ਸਗੋਂ ਦੇਸ਼ ਦੇ ਭਵਿੱਖ ਲਈ ਲੋਕਾਂ ਦਾ ਮਜ਼ਬੂਤ ਵਿਸ਼ਵਾਸ ਹੈ | ਇਸ ਇਤਿਹਾਸਕ ਜਿੱਤ ਨਾਲ ਤਿ੍ਮੂਲ ਕਾਂਗਰਸ ਤੇ ਕਾਂਗਰਸ ਦੀ ਨਕਾਰਾਤਮਕ ਰਾਜਨੀਤੀ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਗਿਆ ਹੈ ਤੇ ਲੋਕਾਂ ਨੇ ਉਸਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ | ਉਨ੍ਹਾਂ ਨੇ ਕਿਹਾ ਕਿ ਡਬਲ ਇੰਜਣ ਦੀ ਸਰਕਾਰ ਜਿੱਥੇ ਬਣਦੀ ਹੈ, ਉੱਥੇ ਵਿਕਾਸ ਸਿਰਫ਼ ਦਿਖਾਈ ਨਹੀਂ ਦਿੰਦਾ, ਉਹ ਮਹਿਸੂਸ ਹੁੰਦਾ ਹੈ | ਐਸੀ ਤਰੱਕੀ ਦੀ ਕੋਈ ਮਾਪ-ਤੋਲ ਨਹੀਂ ਹੁੰਦੀ, ਕਿਉਂਕਿ ਇਹ ਸਿੱਧੀ ਲੋਕਾਂ ਦੀ ਜਿੰਦਗੀ ਵਿਚ ਸੁਧਾਰ ਦੇ ਰੂਪ ਵਿਚ ਨਜ਼ਰ ਆਉਂਦੀ ਹੈ | ਭਰੋਵਾਲ ਨੇ ਵਿਸ਼ਵਾਸ ਜਤਾਇਆ ਕਿ ਇਹ ਜਿੱਤ ਦੀ ਲਹਿਰ ਹੁਣ ਪੰਜਾਬ ਤੱਕ ਵੀ ਪਹੁੰਚੇਗੀ ਅਤੇ 2027 ਵਿਚ ਪੰਜਾਬ ਵਿਚ ਭਾਜਪਾ ਦੀ ਸਰਕਾਰ ਬਣ ਕੇ ਇਕ ਨਵਾਂ ਵਿਕਾਸੀ ਦੌਰ ਸ਼ੁਰੂ ਕਰੇਗੀ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਨਤਾ ਗੈਂਗਸਟਰਵਾਦ, ਨਸ਼ਿਆਂ ਤੇ ਬੇਰੁਜ਼ਗਾਰੀ ਤੋ ਮੁਕਤੀ ਚਾਹੁੰਦੀ ਹੈ ਤੇ ਭਾਜਪਾ ਹੀ ਉਹ ਵਿਕਲਪ ਹੈ, ਜੋ ਪੰਜਾਬ ਰਾਜ ਨੂੰ ਇਨ੍ਹਾਂ ਅਲਾਮਤਾਂ ਤੋਂ ਮੁਕਤ ਕਰ ਤਰੱਕੀ ਦੀ ਨਵੀਂ ਦਿਸ਼ਾ ਦੇ ਸਕਦੀ ਹੈ | ਇਸ ਮੌਕੇ ਭੁਪਿੰਦਰ ਸਿੰਘ ਟੀਟੂ, ਤਰਸੇਮ ਸਿੰਘ ਛਾਪੜੀ, ਅਮਰਜੀਤ ਸਿੰਘ, ਕਰਨ ਭੁੱਲਰ, ਜਤਿੰਦਰ ਸਿੰਘ, ਠੇਕੇਦਾਰ ਸੁਖਜਿੰਦਰ ਸਿੰਘ, ਗੁਰਿੰਦਰ ਸਿੰਘ ਤੇ ਵਰਿੰਦਰਪਾਲ ਸਿੰਘ ਆਦਿ ਹਾਜ਼ਰ ਸਨ |