ਪੱਟੀ, 22 ਮਈ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)-ਪੱਟੀ ਤੋਂ ਕੁਝ ਦੂਰੀ ਤੇ ਸਥਿਤ ਪਿੰਡ ਭੰਗਾਲਾ ਵਿਚ ਤੜਕਸਾਰ ਆਈ ਤੇਜ਼ ਹਨੇਰੀ ਨੇ ਇਕ ਕਿਸਾਨ ਦਾ ਲੱਖਾਂ ਰੁਪਏ ਦਾ ਨੁਕਸਾਨ ਕਰ ਦਿੱਤਾ | ਪ੍ਰਾਪਤ ਜਾਣਕਾਰੀ ਅਨੁਸਾਰ ਕਿਸਾਨ ਸਾਹਿਬ ਸਿੰਘ ਦੇ ਘਰ ਵਿਚ ਬਣਿਆ ਸ਼ੈੱਡ ਤੇਜ਼ ਹਨੇਰੀ ਕਾਰਨ ਉਖੜ ਗਿਆ, ਜਿਸ ਨਾਲ ਸ਼ੈਡ ਹੇਠ ਖੜ੍ਹੀ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ ਅਤੇ ਹੋਰ ਸਾਮਾਨ ਭਾਰੀ ਨੁਕਸਾਨ ਦਾ ਸ਼ਿਕਾਰ ਹੋ ਗਿਆ | ਪੀੜਤ ਕਿਸਾਨ ਸਾਹਿਬ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਨੇਰੀ ਦੌਰਾਨ ਸ਼ੈਡ ਦਾ ਮਲਬਾ ਦੋ ਟਰੈਕਟਰਾਂ, ਇਕ ਕੰਬਾਈਨ, ਇਕ ਸਕਾਰਪੀਓ ਗੱਡੀ, ਕੰਪਿਊਟਰ ਕਰਾਹਾ, ਡਰਿਲ ਅਤੇ ਕਣਕ ਵਾਲੇ ਡਰੱਮਾਂ ਉੱਪਰ ਡਿੱਗ ਪਿਆ, ਜਿਸ ਕਾਰਨ ਉਨ੍ਹਾਂ ਨੂੰ ਲੱਖਾਂ ਰੁਪਏ ਦਾ ਨੁਕਸਾਨ ਝੱਲਣਾ ਪਿਆ | ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸੰਬੰਧਿਤ ਮਸ਼ੀਨਰੀ, ਟਰੈਕਟਰ ਅਤੇ ਕੰਬਾਈਨ ਉਨ੍ਹਾਂ ਨੇ ਕਰਜ਼ੇ ਉੱਪਰ ਖਰੀਦੇ ਹੋਏ ਹਨ ਅਤੇ ਹੁਣ ਇਸ ਨੁਕਸਾਨ ਕਾਰਨ ਉਹ ਵੱਡੀ ਆਰਥਿਕ ਮੁਸ਼ਕਲ ਵਿਚ ਫਸ ਗਏ ਹਨ | ਪੀੜਤ ਕਿਸਾਨ ਅਤੇ ਇਲਾਕੇ ਦੇ ਹੋਰ ਕਿਸਾਨਾਂ ਨੇ ਪੰਜਾਬ ਸਰਕਾਰ ਅਤੇ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਕੋਲੋਂ ਮੰਗ ਕੀਤੀ ਹੈ ਕਿ ਕੁਦਰਤੀ ਕਰੋਪੀ ਕਾਰਨ ਹੋਏ ਇਸ ਭਾਰੀ ਨੁਕਸਾਨ ਦੀ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦਿੱਤਾ ਜਾਵੇ | ਉਨ੍ਹਾਂ ਨੇ ਸਮਾਜ ਸੇਵੀਆਂ 'ਤੇ ਐੱਨ. ਆਰ. ਆਈ. ਭਰਾਵਾਂ ਨੂੰ ਵੀ ਪੀੜਤ ਕਿਸਾਨ ਦੀ ਮਦਦ ਕਰਨ ਦੀ ਅਪੀਲ ਕੀਤੀ |