ਤਰਨ ਤਾਰਨ, 24 ਮਈ (ਪਰਮਜੀਤ ਜੋਸ਼ੀ)-ਅਸਲਾ ਐਕਟ ਦੇ ਮਾਮਲੇ ਵਿਚ ਬਰਾਮਦਗੀ ਲਈ ਲਿਆਂਦੇ ਦੋ ਵਿਅਕਤੀਆਂ ਵਲੋਂ ਪੁਲਿਸ ਪਾਰਟੀ 'ਤੇ ਹਮਲਾ ਕਰਕੇ ਭੱਜਣ ਦੀ ਕੋਸ਼ਿਸ਼ ਕੀਤੀ ਗਈ | ਇਸ ਮਾਮਲੇ ਵਿਚ ਇਕ ਵਿਅਕਤੀ ਪੁਲਿਸ ਵਲੋਂ ਗਿ੍ਫ਼ਤਾਰ ਕਰ ਲਿਆ, ਜਦਕਿ ਦੂਸਰਾ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਿਆ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਦਰ ਪੱਟੀ ਦੇ ਏ.ਐਸ.ਆਈ ਗੱਜਣ ਸਿੰਘ ਨੇ ਦੱਸਿਆ ਕਿ ਅਸਲਾ ਐਕਟ ਅਧੀਨ ਥਾਣਾ ਸਦਰ ਪੱਟੀ ਵਿਚ ਦੋ ਵਿਅਕਤੀਆਂ ਪਾਸੋਂ ਬ੍ਰਾਮਦਗੀ ਲਈ ਪੁਰਾਣਾ ਪਟਵਾਰਖਾਨਾ ਘਰਿਆਲਾ ਪੁੱਜੇ, ਜਿੱਥੇ ਉਕਤ ਵਿਅਕਤੀਆਂ ਵਲੋਂ ਪੁਲਿਸ ਪਾਰਟੀ ਨੂੰ ਧੱਕਾ ਮਾਰ ਕੇ ਡਿਊਟੀ ਵਿਚ ਵਿਘਨ ਪਾ ਕੇ ਪੁਰਾਣੇ ਪਟਵਾਰਖਾਨੇ ਦੀ ਛੱਤ ਤੋਂ ਛਾਲ ਮਾਰ ਕੇ ਮੌਕੇ ਤੋਂ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ, ਜਿੰਨਾ ਪੁਲਿਸ ਪਾਰਟੀ ਦੀ ਮਦਦ ਨਾਲ ਕਾਬੂ ਕੀਤਾ | ਉਕਤ ਵਿਅਕਤੀਆਂ ਵਿਚੋਂ ਗੁਰਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਢਿੱਲਵਾਂ ਨਾ ਨੂੰ ਮੌਕੇ 'ਤੇ ਕਾਬੂ ਕਰ ਲਿਆ, ਜਦਕਿ ਦੂਸਰਾ ਵਿਅਕਤੀ ਸਤਨਾਮ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਢਿੱਲਵਾਂ , ਜੋ ਛੱਤ ਤੋਂ ਛਾਲ ਮਾਰਨ ਨਾਲ ਸੱਟਾਂ ਲੱਗਣ ਕਰਕੇ ਜ਼ਖ਼ਮੀ ਹੋ ਗਿਆ, ਨੂੰ ਇਲਾਜ ਲਈ ਸਿਵਲ ਹਸਪਤਾਲ ਪੱਟੀ ਦਾਖ਼ਲ ਕਰਵਾਇਆ ਗਿਆ | ਇਸ ਸੰਬੰਧੀ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |