ਤਰਨ ਤਾਰਨ, 24 ਮਈ (ਹਰਿੰਦਰ ਸਿੰਘ)-ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਬਣੇ ਰਹਿਣ ਦਾ ਨੈਤਿਕ ਅਧਿਕਾਰ ਖੋਹ ਚੁੱਕੀ ਹੈ, ਕਿਉਂਕਿ ਪੂਰੇ ਸੂਬੇ ਵਿਚ ਕਾਨੂੰਨ-ਵਿਵਸਥਾ ਦੀ ਹਾਲਤ ਖਰਾਬ ਹੋ ਚੁੱਕੀ ਹੈ ਤੇ ਹਰ ਪਾਸੇ ਅਰਾਜਕਤਾ ਦਾ ਮਾਹੌਲ ਬਣਿਆ ਹੋਇਆ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਰਕਾਰ ਜਾਂ ਤਾਂ ਕੰਮ ਕਰਨਾ ਸ਼ੁਰੂ ਕਰੇ ਜਾਂ ਫਿਰ ਅਸਤੀਫ਼ਾ ਦੇ ਕੇ ਸੱਤਾ ਛੱਡ ਦੇਵੇ | ਜਿੰਨੀ ਜਲਦੀ ਇਹ ਫ਼ੈਸਲਾ ਹੋਵੇ, ਓਨਾ ਹੀ ਚੰਗਾ ਹੈ | ਹਲਕਾ ਖਡੂਰ ਸਾਹਿਬ ਦੇ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੇ ਬੀਤੀ ਸ਼ਾਮ ਕਪੂਰਥਲਾ ਜੇਲ੍ਹ ਅੰਦਰ ਹੋਈ ਤੋੜ ਭੰਨ ਤੇ ਅੱਗ ਲਗਾਉਣ ਦੀ ਘਟਨਾ ਅਤੇ ਐਤਵਾਰ ਨੂੰ ਅੰਮਿ੍ਤਸਰ ਵਿਚ ਇਕ ਸਹਾਇਕ ਸਬ-ਇੰਸਪੈਕਟਰ ਦੀ ਹੱਤਿਆ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ 'ਆਪ' ਸਰਕਾਰ ਨੇ ਅਸਲ ਵਿਚ ਆਪਣਾ ਅਧਿਕਾਰ ਛੱਡ ਦਿੱਤਾ ਹੈ ਅਤੇ ਅਪਰਾਧੀ ਤੇ ਗੈਂਗਸਟਰ ਬੇਖੌਫ਼ ਹੋ ਕੇ ਘੁੰਮ ਰਹੇ ਹਨ | ਇਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ ਹੈ | ਉਨ੍ਹਾਂ ਕਿਹਾ ਕਿ ਉੱਚ ਸੁਰੱਖਿਆ ਵਾਲੀ ਜੇਲ੍ਹ ਦੇ ਅੰਦਰ ਇਸ ਤਰ੍ਹਾਂ ਦੀ ਹਿੰਸਾ ਹੋਣਾ ਸਿਰਫ਼ ਇਕ ਗੱਲ ਸਾਬਿਤ ਕਰਦਾ ਹੈ ਕਿ ਇਸ ਸਰਕਾਰ ਦਾ ਹੁਕਮ ਜੇਲ੍ਹ ਦੀਆਂ ਚਾਰਦੀਵਾਰੀਆਂ ਅੰਦਰ ਵੀ ਨਹੀਂ ਚੱਲਦਾ, ਜਦਕਿ ਜੇਲ੍ਹ ਤੋਂ ਬਾਹਰ ਤਾਂ ਇਹ ਪਹਿਲਾਂ ਹੀ ਖ਼ਤਮ ਹੋ ਚੁੱਕਾ ਹੈ | ਉਨ੍ਹਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਕੈਦੀਆਂ ਨੇ ਬੇਰੋਕ-ਟੋਕ ਹੋ ਕੇ ਭਾਰੀ ਹਿੰਸਾ ਕੀਤੀ ਅਤੇ ਅੱਗ ਲਗਾਈ, ਉਸ ਤੋਂ ਸਪੱਸ਼ਟ ਹੁੰਦਾ ਹੈ ਕਿ ਜਿੰਮੇਵਾਰ ਅਧਿਕਾਰੀ ਜਾਂ ਤਾਂ ਨਾਕਾਬਿਲ ਹਨ ਜਾਂ ਫਿਰ ਉਨ੍ਹਾਂ ਵਿਚ ਇਸ ਨਾਲ ਨਜਿੱਠਣ ਦੀ ਇੱਛਾ ਸ਼ਕਤੀ ਦੀ ਕਮੀ ਹੈ | ਉਨ੍ਹਾਂ ਕਿਹਾ ਕਿ ਅੰਮਿ੍ਤਸਰ ਵਿਚ ਹੋਈ ਏ.ਐਸ.ਆਈ. ਦੀ ਹੱਤਿਆ ਇਸ ਗੱਲ ਦਾ ਪ੍ਰਤੀਕ ਹੈ ਕਿ ਪੁਲਿਸ ਮੁਲਾਜ਼ਮ ਵੀ ਇਸ ਮਾਹੌਲ ਵਿਚ ਸੁਰੱਖਿਅਤ ਨਹੀਂ ਹਨ | ਗੈਂਗਸਟਰਵਾਦ ਸ਼ਰੇਆਮ ਸਿਰ ਚੁੱਕ ਕੇ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਹੈ, ਜਦਕਿ ਉਨ੍ਹਾਂ ਉਪਰ ਕਾਨੂੰਨ ਦੀ ਪਕੜ ਬਹੁਤ ਢਿੱਲੀ ਹੈ | ਉਨ੍ਹਾਂ ਕਿਹਾ ਕਿ ਦਿਨੋ ਦਿਨ ਸੂਬੇ ਵਿਚ ਹੋ ਰਹੇ ਕਤਲੋਗਾਰਦ ਇਸ ਗੱਲ ਦਾ ਸਬੂਤ ਹਨ ਕਿ ਇਹ ਸਰਕਾਰ ਸੂਬੇ ਨੂੰ ਕਾਬੂ ਕਰਨ ਵਿਚ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋਈ ਹੈ |