ਖਾਲੜਾ, 24 ਮਈ (ਜੱਜਪਾਲ ਸਿੰਘ ਜੱਜ)-ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਨੂੰ ਪਹਿਲਾਂ ਅਕਾਲੀ ਦਲ ਦੇ ਮੁੱਖ ਆਗੂ ਸੁਰਜੀਤ ਸਿੰਘ ਰੱਖੜਾ ਤੇ ਫਿਰ ਮਨਪ੍ਰੀਤ ਸਿੰਘ ਇਆਲੀ ਵਲੋਂ ਛੱਡੇ ਜਾਣ ਨਾਲ ਲਗਾਤਾਰ ਮਿਲ ਰਹੇ ਝਟਕਿਆਂ ਵਿਚ ਅੱਜ ਉਸ ਵੇਲੇ ਹੋਰ ਵਾਧਾ ਹੋ ਗਿਆ, ਜਦੋਂ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਵਰਕਿੰਗ ਕਮੇਟੀ ਮੈਂਬਰ ਦਲਜੀਤ ਸਿੰਘ ਗਿੱਲ ਅਮਰਕੋਟ ਨੇ ਆਪਣੀ ਮੁਢਲੀ ਮੈਂਬਰਸ਼ਿਪ ਅਤੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ | ਦਿਲਜੀਤ ਸਿੰਘ ਗਿੱਲ ਅਮਰਕੋਟ ਨੇ ਜਥੇਬੰਦੀ ਦੇ ਪ੍ਰਧਾਨ ਨੂੰ ਭੇਜੇ ਅਸਤੀਫੇ ਵਿਚ ਲਿਖਿਆ ਹੈ ਕਿ ਉਹ ਜਦੋਂ ਤੋਂ ਬੇਅਦਬੀ ਕਾਂਡ ਵਾਪਰਿਆ, ਉਦੋਂ ਤੋਂ ਹੀ ਸਮੇਂ-ਸਮੇਂ 'ਤੇ ਪੰਥਕ ਸਰਗਰਮੀਆਂ ਦਾ ਹਿੱਸਾ ਬਣਦੇ ਰਹੇ ਹਨ ਅਤੇ ਸੁਧਾਰ ਲਹਿਰ ਤੋਂ ਲੈ ਕੇ 24 ਦਸੰਬਰ 2024 ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਸੀਸ ਝੁਕਾਉਂਦੇ ਹੋਏ ਪੰਜ ਮੈਂਬਰੀ ਕਮੇਟੀ ਵਲੋਂ ਡੈਲੀਗੇਟ ਭਰਤੀ ਵਿਚ ਸਰਗਰਮੀ ਨਾਲ ਹਿੱਸਾ ਲੈਂਦੇ ਹੋਏ ਭਾਰੀ ਗਿਣਤੀ ਵਿਚ ਮੈਂਬਰਸ਼ਿਪ ਭਰਤੀ ਕੀਤੀ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦਾ ਹਿੱਸਾ ਬਣੇ | ਉਨ੍ਹਾਂ ਦੱਸਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸਰਜੀਤ) ਵਲੋਂ ਉਨ੍ਹਾਂ ਨੂੰ ਵਰਕਿੰਗ ਕਮੇਟੀ ਮੈਂਬਰ ਬਣਾਇਆ ਗਿਆ, ਕਿਉਂਕਿ ਉਨ੍ਹਾਂ ਦੀ ਸਾਰੀ ਜਿੰਦਗੀ ਪੰਥਕ ਹਿੱਤਾਂ ਅਤੇ ਸਿੱਖ ਕੌਮ ਦੀ ਸੇਵਾ ਲਈ ਹਾਜ਼ਰ ਹੈ | ਉਨ੍ਹਾਂ ਕਿਹਾ ਕਿ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਤੋਂ ਬਹੁਤ ਸਾਰੀਆਂ ਆਸਾਂ ਉਮੀਦਾਂ ਨਾਲ ਕੰਮ ਕੀਤਾ ਸੀ, ਪ੍ਰੰਤੂ ਉਹ ਆਸਾਂ ਉਮੀਦਾਂ ਨੂੰ ਬੂਰ ਨਹੀਂ ਪਿਆ ਅਤੇ ਇਸ ਕਰਕੇ ਉਨ੍ਹਾਂ ਨੂੰ ਬਹੁਤ ਨਿਰਾਸ਼ਾ ਹੋਈ ਹੈ ਅਤੇ ਜਿਸ ਕਰਕੇ ਉਹ ਆਪਣੀ ਮੁਢਲੀ ਮੈਂਬਰਸ਼ਿਪ ਤੇ ਵਰਕਿੰਗ ਕਮੇਟੀ ਮੈਂਬਰ ਤੋਂ ਅਸਤੀਫਾ ਦਿੰਦੇ ਹਨ | ਉਨ੍ਹਾਂ ਨਾਲ ਹੀ ਕਿਹਾ ਹੈ ਕਿ ਉਨ੍ਹਾਂ ਦਾ ਕਿਸੇ ਹੋਰ ਪਾਰਟੀ ਵਿਚ ਸ਼ਮੂਲੀਅਤ ਕਰਨ ਦਾ ਅਜੇ ਕੋਈ ਇਰਾਦਾ ਨਹੀਂ ਹੈ |