ਭਿੱਖੀਵਿੰਡ, 24 ਮਈ (ਬੌਬੀ)-ਸੀ. ਪੀ. ਆਈ. ਜ਼ਿਲ੍ਹਾ ਤਰਨ ਤਾਰਨ ਵਲੋਂ 29 ਮਈ ਨੂੰ ਤਰਨ ਤਾਰਨ ਵਿਖੇ ਕਨਵੈਨਸ਼ਨ ਤੇ ਸ਼ਹਿਰ ਵਿਚ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਇਹ ਜਾਣਕਾਰੀ ਦਿੰਦਿਆਂ ਸੀ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਪਿ੍ਥੀਪਾਲ ਸਿੰਘ ਮਾੜੀਮੇਘਾ, ਭਿੱਖੀਵਿੰਡ ਬਲਾਕ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਤੇ ਕਿਸਾਨ ਆਗੂ ਰਛਪਾਲ ਸਿੰਘ ਬਾਠ ਨੇ ਕਿਹਾ ਕਿ ਇਸ ਕਨਵੈਨਸ਼ਨ ਦੀ ਮੰਗ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਦਿੱਤਾ ਜਾਵੇ | ਭਾਖੜਾ-ਬਿਆਸ ਮੈਨੇਜ਼ਮੈਂਟ ਬੋਰਡ ਵਿਚ ਪੰਜਾਬ ਦੇ ਅਧਿਕਾਰੀ ਦੀ ਸੀਟ ਬਹਾਲ ਕੀਤੀ ਜਾਵੇ, ਪੰਜਾਬ ਦੇ ਦਰਿਆਵਾਂ ਦਾ ਪਾਣੀ ਸਿਰਫ ਪੰਜਾਬ ਨੂੰ ਹੀ ਦਿੱਤਾ ਜਾਵੇ ਅਤੇ ਹਿੰਦ-ਪਾਕਿ ਦੇ ਬਾਰਡਰ ਤੋਂ ਹਿੰਦ ਵੱਲ 50 ਕਿਲੋਮੀਟਰ ਤੱਕ ਬੀ.ਐਸ.ਐਫ. ਨੂੰ ਦਿੱਤੇ ਅਧਿਕਾਰ ਵਾਪਸ ਲਏ ਜਾਣ | ਜਦੋਂਕਿ ਪਹਿਲਾਂ ਅਧਿਕਾਰ 15 ਕਿਲੋਮੀਟਰ ਤੱਕ ਸਨ | ਆਗੂਆਂ ਨੇ ਕਿਹਾ ਕਿ ਭਿੱਖੀਵਿੰਡ ਬਲਾਕ 'ਚੋਂ ਵੱਡੀ ਗਿਣਤੀ ਵਿਚ ਔਰਤਾਂ ਤੇ ਮਰਦ ਕਨਵੈਨਸ਼ਨ ਵਿਚ ਪਹੁੰਚਣਗੇ | ਆਗੂਆਂ ਅਨੁਸਾਰ ਪੰਜਾਬ ਸਰਕਾਰ ਦੇ ਅਧਿਕਾਰੀ ਨਰੇਗਾ ਕਾਮਿਆਂ ਨੂੰ ਕੰਮ ਨਹੀਂ ਦੇ ਰਹੇ, ਉਨ੍ਹਾਂ ਨੂੰ ਜਾਣ ਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ | ਨਰੇਗਾ ਕਾਮਿਆਂ ਨੂੰ ਫੌਰੀ ਤੌਰ 'ਤੇ ਕੰਮ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਨਰੇਗਾ ਕਾਮਿਆਂ ਨੂੰ ਕੰਮ ਨਾ ਦਿੱਤਾ ਗਿਆ ਤੇ ਜਲਦੀ ਹੀ ਬਲਾਕ ਪਾਰਟੀ ਦੀ ਮੀਟਿੰਗ ਕਰਕੇ ਨਰੇਗਾ ਅਫਸਰ ਬਲਾਕ ਭਿੱਖੀਵਿੰਡ ਵਿਖੇ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ |