ਝਬਾਲ, 24 ਮਈ (ਸੁਖਦੇਵ ਸਿੰਘ)-ਸੇਵਾ ਦੇ ਪੁੰਜ ਸ੍ਰੀ ਮਾਨ ਸੰਤ ਬਾਬਾ ਖੜਕ ਸਿੰਘ ਅਤੇ ਬਾਬਾ ਦਰਸ਼ਨ ਸਿੰਘ ਦੀ 31 ਮਈ ਨੂੰ ਗੁਰਦੁਆਰਾ ਸੰਤ ਨਿਵਾਸ (ਅੰਗੀਠਾ ਸਾਹਿਬ) ਵਿਖੇ ਮਨਾਈ ਜਾ ਰਹੀ ਸਲਾਨਾ ਬਰਸੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਸੰਤ ਨਿਵਾਸ ਦੇ ਮੁੱਖ ਸੇਵਾਦਾਰ ਬਾਬਾ ਭੋਲਾ ਸਿੰਘ ਨੇ ਦੱਸਿਆ ਕਿ 31 ਮਈ ਨੂੰ ਗੁਰਦੁਆਰਾ ਸੰਤ ਨਿਵਾਸ ਵਿਖੇ 21 ਅਖੰਡ ਪਾਠਾਂ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ, ਜਿੱਥੇ ਸਿੱਖ ਕੌਮ ਦੇ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਅਤੇ ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਉਣਗੇ | ਬਰਸੀ ਮੌਕੇ ਦੇਸ਼ਾਂ ਵਿਦੇਸ਼ਾਂ ਵਿਚੋਂ ਪੁੱਜਣ ਵਾਲੀਆਂ ਸੰਗਤਾਂ ਦੀ ਰਿਹਾਇਸ਼, ਅਵਾਜਾਈ, ਵਾਹਨਾਂ ਦੀ ਪਾਰਕਿੰਗ, ਲੰਗਰ ਅਤੇ ਠੰਡੇ ਮਿੱਠੇ ਜਲ ਦੀਆਂ ਲਗਾਈਆਂ ਜਾ ਰਹੀਆਂ ਛਬੀਲਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਇਸ ਮੌਕੇ ਬਾਬਾ ਅਵਤਾਰ ਸਿੰਘ ਜੱਜ ਕਸੇਲ, ਮਹਿੰਦਰ ਸਿੰਘ ਪਤਾਸਿਆਂ ਵਾਲੇ ਤੇ ਬਾਬਾ ਜਸਵਿੰਦਰ ਸਿੰਘ ਬਿੱਟੂ ਆਦਿ ਹਾਜ਼ਰ ਸਨ |