ਤਰਨ ਤਾਰਨ, 11 ਜੂਨ (ਹਰਿੰਦਰ ਸਿੰਘ)-ਪਿਛਲੇ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਕਾਰਨ ਜਿੱਥੇ ਲੋਕ ਬੇਹਾਲ ਹੋਏ ਪਏ ਅਤੇ ਪਾਰ੍ਹਾ 42 ਡਿਗਰੀ ਸੈਲਸੀਅਸ ਨੂੰ ਛੂਹ ਰਿਹਾ ਸੀ, ਉੱਥੇ ਵੀਰਵਾਰ ਦੀ ਸ਼ਾਮ ਨੂੰ ਆਈ ਤੇਜ਼ ਮੀਂਹ ਕਾਰਨ ਲੋਕਾਂ ਨੇ ਸੁੱਖ ਦਾ ਸਾਹ ਲਿਆ | ਠੰਢੀਆਂ ਹਵਾਵਾਂ ਵਗਣ ਕਾਰਨ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ, ਉਥੇ ਤੇਜ਼ ਮੀਂਹ ਨਾਲ ਆਏ ਹਨ੍ਹੇਰੀ-ਝੱਖੜ ਕਾਰਨ ਲੋਕਾਂ ਦੇ ਸਮਾਨ ਦਾ ਕਾਫੀ ਨੁਕਸਾਨ ਹੋਇਆ ਹੈ ਕਿਉਂਕਿ ਤੇਜ਼ ਹਨ੍ਹੇਰੀ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਉਪਰ ਪਈਆਂ ਟੀਨਾਂ, ਘਰਾਂ ਵਿਚ ਲੱਗੇ ਸ਼ੀਸ਼ੇ, ਸੜਕਾਂ ਅਤੇ ਦੁਕਾਨਾਂ ਦੇ ਅੱਗੇ ਲੱਗੇ ਹੋਰਡਿੰਗ ਬੋਰਡ ਵੀ ਟੁੱਟ ਕੇ ਡਿੱਗ ਪਏ | ਤੇਜ਼ ਹਨ੍ਹੇਰੀ ਕਾਰਨ ਕਈ ਜਗ੍ਹਾ ਉਪਰ ਸੜਕਾਂ ਦੇ ਕਿਨਾਰੇ ਲੱਗੇ ਵੱਡੇ ਦਰੱਖਤ ਵੀ ਡਿੱਗੇ ਹਨ | ਹਨੇ੍ਹਰੀ ਇੰਨੀ ਤੇਜ਼ ਸੀ ਕਿ ਲੋਕਾਂ ਨੇ ਸੜਕ 'ਤੇ ਆਪਣੇ ਵਾਹਨ ਰੋਕ ਕੇ ਸੜਕਾਂ ਕਿਨਾਰੇ ਖ਼ੜੇ ਹੋ ਗਏ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ | ਤੇਜ਼ ਮੀਂਹ ਕਾਰਨ ਤਰਨ ਤਾਰਨ ਸ਼ਹਿਰ ਦੀਆਂ ਸੜਕਾਂ ਉਪਰ ਜਲ ਥਲ ਹੋ ਗਈ ਅਤੇ ਪਾਣੀ ਹੀ ਪਾਣੀ ਦਿਸ ਰਿਹਾ ਸੀ | ਜਿਥੇ ਇਸ ਮੀਂਹ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿਵਾਈ, ਉਥੇ ਇਹ ਮੀਂਹ ਝੋਨੇ ਦੀ ਲੁਆਈ ਲਈ ਵੀ ਲਾਭਦਾਇਕ ਸਾਬਿਤ ਹੋਵੇਗਾ ਪਰ ਦੂਸਰੀਆਂ ਫਸਲਾਂ ਲਈ ਨੁਕਸਾਨਦੇਹ ਸੀ | ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਤੋਂ ਭਾਰੀ ਗਰਮੀ ਦੇ ਚੱਲਦਿਆਂ ਜਿਥੇ ਤਾਮਪਾਨ 42 ਡਿਗਰੀ ਸੈਲਸੀਅਸ ਤੱਕ ਰਹਿ ਰਿਹਾ ਸੀ ਅਤੇ ਗਰਮੀ ਕਾਰਨ ਜਿਥੇ ਲੋਕ ਪ੍ਰੇਸ਼ਾਨ ਸਨ, ਉਥੇ ਪਸ਼ੂ, ਪੰਛੀ, ਜੀਵ ਜੰਤੂ ਵੀ ਗਰਮੀ ਕਾਰਨ ਬੇਹਾਲ ਹੋਏ ਪਏ ਸਨ ਪ੍ਰੰਤੂ ਵੀਰਵਾਰ ਦੀ ਸ਼ਾਮ ਨੂੰ ਪਏ ਭਾਰੀ ਮੀਂਹ ਨੇ ਗਰਮੀ ਤੋਂ ਕੁਝ ਰਾਹਤ ਜਰੂਰ ਦਿਵਾਈ ਹੈ, ਜਿਸ ਕਾਰਨ ਲੋਕ ਖੁਸ਼ ਨਜ਼ਰ ਆ ਰਹੇ ਸਨ |