10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਤਖ਼ਤਾਂ ਦੀ ਸੇਵਾ-ਸੰਭਾਲ ਦਾ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਮੇਂ ਦੀ ਸਭ ਤੋਂ ਵੱਡੀ ਲੋੜ– ਪੰਚ ਪ੍ਰਧਾਨੀ ਜਥਾ

Ad Position 21
No active advertisement
ਅਜੀਤ ਡੈਸਕ 26-06-2026
ਤਰਨ ਤਾਰਨ, 25 ਜੂਨ (ਹਰਿੰਦਰ ਸਿੰਘ)– ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿਚ ਸਰਕਾਰੀ ਦਖ਼ਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ ਅਕਾਲ ਤਖਤ ਸਾਹਿਬ ਦੀ ਸਾਖ ਨੂੰ ਲੱਗ ਰਹੀ ਢਾਹ ਉੱਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਪੰਚ ਪ੍ਰਧਾਨੀ ਜਥੇ ਦੇ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਖਾਲਸਾ ਪੰਥ ਦੇ ਅਕਾਲੀ ਪਾਤਿਸ਼ਾਹੀ ਦਾਅਵੇ ਦੇ ਪ੍ਰਗਟਾਵੇ ਦਾ ਸਰਵਉੱਚ ਅਸਥਾਨ ਹੈ ਅਤੇ ਇਸ ਨੂੰ ਵੋਟ-ਸਿਆਸਤ ਦੇ ਟਕਰਾਵਾਂ ਦਾ ਮੰਚ ਨਹੀਂ ਬਣਾਇਆ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਹਾਲੀਆ ਸਮੇਂ ਵਿਚ ਅਜਿਹੇ ਮਸਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਚਾਰੇ ਅਤੇ ਐਲਾਨੇ ਜਾ ਰਹੇ ਹਨ, ਜਿਨ੍ਹਾਂ ਨੂੰ ਸਿਧਾਂਤਕ ਤੌਰ ‘ਤੇ ਉੱਥੇ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ 2 ਦਸੰਬਰ ਦੇ ਫੈਸਲਿਆਂ, ਕਥਿਤ ਸਤਿਕਾਰ ਸੋਧ ਕਾਨੂੰਨ 2026 ਨੂੰ ਰੱਦ ਕਰਵਾਉਣ ਦੀ ਥਾਂ ਇਸ ਵਿਚ ਕੁਝ ਸੋਧਾਂ ਕਰਵਾਉਣ ਦੀ ਨੁਕਸਦਾਰ ਪਹੁੰਚ ਅਤੇ ਭਗਵੰਤ ਮਾਨ ਦੀ ਵਿਵਾਦਤ ਵੀਡੀਉ ਨਾਲ ਜੁੜੇ ਮਾਮਲੇ ਵਿਚ ਪੰਥਕ ਸਰੋਕਾਰਾਂ ਦੀ ਥਾਂ ਵੋਟ-ਸਿਆਸਤ ਹਾਵੀ ਨਜ਼ਰ ਆ ਰਹੀ ਹੈ। ਇਸ ਕਾਰਨ ਵੱਖ-ਵੱਖ ਸਿਆਸੀ ਧਿਰਾਂ ਆਪਣੇ-ਆਪਣੇ ਮੁਫਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਤੋਂ ਕਰ ਰਹੀਆਂ ਹਨ, ਜਿਸ ਨਾਲ ਇਸ ਦੀ ਸਰਵਉੱਚਤਾ ਅਤੇ ਸਾਖ ਨੂੰ ਠੇਸ ਪਹੁੰਚ ਰਹੀ ਹੈ। ‘ਆਪ’ ਸਰਕਾਰ ਵਲੋਂ ਵੀਡੀਉ ਵਿਵਾਦ ਵਿਚੋਂ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਅਣਅਧਿਕਾਰਤ ਲੈਬ ਵਿਚੋਂ ਫਰਜ਼ੀ ਰਿਪੋਰਟ ਤਿਆਰ ਕਰਵਾਉਣਾ ਦਰਸਾਉਂਦਾ ਹੈ ਕਿ ਸਰਕਾਰ ਸੱਚਾਈ ਨੂੰ ਦਬਾਉਣ ਦੇ ਯਤਨਾਂ ਵਿਚ ਹੈ। ਦੂਜੇ ਪਾਸੇ ਬਾਦਲ ਦਲ, ਕਾਂਗਰਸ ਤੇ ਭਾਜਪਾ ਜਿਹੜੇ ਕ੍ਰਮਵਾਰ ਸ੍ਰੀ ਅਕਾਲ ਤਖ਼ਤ ਦੇ ਸਿਧਾਂਤ ਨੂੰ ਢਾਹ ਲਾਉਣ ਤੇ ਇਸ ਉੱਤੇ ਫੌਜੀ ਹਮਲਾ ਕਰਨ ’ਤੇ ਕਰਵਾਉਣ ਦੇ ਦੋਸ਼ੀ ਹਨ, ਉਹ ਹੁਣ ਖੁਦ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਦੱਸ ਰਹੇ ਹਨ। ਸੱਚਾਈ ਇਹ ਹੈ ਕਿ ਇਹਨਾ ਪਾਰਟੀਆਂ ਨੇ ਕਦੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ਨੂੰ ਢਾਹ ਲਾਉਣ ਤੇ ਅਕਾਲ ਤਖਤ ਸਾਹਿਬ ਉੱਤੇ ਹਮਲਾ ਕਰਵਾਉਣ ਦੀ ਮਾਫੀ ਨਹੀਂ ਮੰਗੀ। ਪੰਥ ਸੇਵਕਾਂ ਨੇ ਕਿਹਾ ਕਿ ਮੌਜੂਦਾ ਸਮੇਂ ਸ੍ਰੀ ਤਖ਼ਤ ਸਾਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਅਨੁਸਾਰੀ ਨਿਰਪੱਖ, ਨਿਸ਼ਕਾਮ ਅਤੇ ਸੁਤੰਤਰ ਨਹੀਂ ਰਿਹਾ। ਇਸ ਉੱਤੇ ਸਰਕਾਰਾਂ ਅਤੇ ਵੋਟ-ਸਿਆਸਤ ਦਾ ਦਖਲ ਵਧਦਾ ਗਿਆ ਹੈ। ਉਨ੍ਹਾਂ ਖਾਸ ਤੌਰ ‘ਤੇ ਮਹਾਰਾਸ਼ਟਰ ਸਰਕਾਰ ਵਲੋਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਉੱਤੇ ਸਰਕਾਰੀ ਗਲਬਾ ਵਧਾਉਣ ਲਈ ਨਵਾਂ ਕਾਨੂੰਨ ਲਿਆਉਣ ਦੇ ਯਤਨਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਦਾ ਸਮੁੱਚੇ ਸਿੱਖ ਜਗਤ ਵਲੋਂ ਡਟਵਾਂ ਵਿਰੋਧ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਸੰਸਾਰ ਭਰ ਦੀਆਂ ਸਿੱਖ ਸੰਗਤਾਂ ਦੀ ਸ਼ਮੂਲੀਅਤ ਨਾਲ ਤਖਤ ਸਾਹਿਬਾਨ ਦੀ ਸੇਵਾ-ਸੰਭਾਲ ਲਈ ਪੰਥਕ ਜੁਗਤ ਅਨੁਸਾਰੀ ਨਿਜ਼ਾਮ ਸਿਰਜਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਇਸੇ ਉਦੇਸ਼ ਨਾਲ ਪੰਚ ਪ੍ਰਧਾਨੀ ਜਥਾ ਸਰਬੱਤ ਖ਼ਾਲਸਾ ਅਤੇ ਗੁਰਮਤੇ ਦੇ ਵਿਧੀ-ਵਿਧਾਨ ਬਾਰੇ ਸਾਂਝਾ ਪੰਥਕ ਦਸਤਾਵੇਜ਼ ਤਿਆਰ ਕਰ ਰਿਹਾ ਹੈ, ਜਿਸ ਨੂੰ ਜਲਦ ਹੀ ਪੰਥਕ ਵਿਚਾਰ-ਵਟਾਂਦਰੇ ਲਈ ਪੇਸ਼ ਕੀਤਾ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਹਰਬੀਰ ਸਿੰਘ ਧਾਰੀਵਾਲ ਨੂੰ ਲਗਾਇਆ ਬਾਬਾ ਬਕਾਲਾ ਦਾ ਕੁਆਰਡੀਨੇਟਰ ਅਗਲੀ ਖ਼ਬਰ ਮੌਲਸਰੀ ਪੈਲੇਸ ਨਜ਼ਦੀਕ ਪੁਲ ਨੇ ਧਾਰਿਆ ਛੱਪੜ ਦਾ ਰੂਪ, ਥੋੜ੍ਹਾ ਜਿਹਾ ਮੀਂਹ ਪੈਣ ਕਾਰਨ ਪੁਲ ਉਪਰ ਜਮ੍ਹਾਂ ਹੋ ਜਾਂਦਾ ਪਾਣੀ
Ad Position 24