ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਸਰਹਾਲੀ ਰੋਡ ’ਤੇ ਖੜ੍ਹਾ ਪਾਣੀ ਬਣਿਆ ਲੋਕਾਂ ਲਈ ਮੁਸੀਬਤ, ਪ੍ਰਸ਼ਾਸਨ ਤੇ ਠੇਕੇਦਾਰ ਦੀ ਅਣਗਹਿਲੀ ਕਾਰਨ ਨਿੱਤ ਵਾਪਰ ਰਹੇ ਹਾਦਸੇ

Ad Position 21
No active advertisement
ਅਜੀਤ ਡੈਸਕ 30-06-2026

ਪੱਟੀ, 28 ਜੂਨ (ਅਵਤਾਰ ਸਿੰਘ ਖਹਿਰਾ, ਕੁਲਵਿੰਦਰਪਾਲ ਸਿੰਘ ਕਾਲੇਕੇ)- ਪੱਟੀ ਸ਼ਹਿਰ ਤੋਂ ਸਰਹਾਲੀ ਨੂੰ ਜਾਂਦੀ ਮੁੱਖ ਸੜਕ ਦੀ ਖਸਤਾ ਹਾਲਤ ਤੇ ਮੀਂਹ ਦੇ ਪਾਣੀ ਦੀ ਨਿਕਾਸੀ ਦੇ ਪ੍ਰਬੰਧ ਨਾ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੜਕ ’ਤੇ ਖੜ੍ਹਾ ਪਾਣੀ ਹੁਣ ਛੱਪੜ ਦਾ ਰੂਪ ਧਾਰ ਚੁੱਕਾ ਹੈ, ਜਿਸ ਕਾਰਨ ਨਾ ਸਿਰਫ਼ ਵਾਹਨ ਚਾਲਕਾਂ ਸਗੋਂ ਪੈਦਲ ਰਾਹਗੀਰਾਂ ਲਈ ਵੀ ਆਵਾਜਾਈ ਕਰਨਾ ਖਤਰਨਾਕ ਬਣ ਗਿਆ ਹੈ। ਸਥਾਨਕ ਲੋਕਾਂ ਨੇ ਇਸ ਸਥਿਤੀ ਲਈ ਸੰਬੰਧਿਤ ਮਹਿਕਮੇ, ਸਰਕਾਰ ਅਤੇ ਸੜਕ ਨਿਰਮਾਣ ਦੇ ਠੇਕੇਦਾਰ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਠਹਿਰਾਇਆ ਹੈ। ਜਾਣਕਾਰੀ ਅਨੁਸਾਰ ਪੱਟੀ-ਸਰਹਾਲੀ ਸੜਕ ’ਤੇ ਕਈ ਮਹੱਤਵਪੂਰਨ ਅਦਾਰੇ ਸਥਿਤ ਹਨ, ਜਿਨ੍ਹਾਂ ਵਿਚ ਪ੍ਰਾਈਵੇਟ ਹਸਪਤਾਲ, ਸਰਕਾਰੀ ਕਾਲਜ, ਵਰਕਸ਼ਾਪਾਂ, ਦਾਣਾ ਮੰਡੀ, ਸਬਜ਼ੀ ਮੰਡੀ ਅਤੇ ਸੰਘਣੀ ਆਬਾਦੀ ਵਾਲੇ ਇਲਾਕੇ ਸ਼ਾਮਿਲ ਹਨ। ਇਸ ਦੇ ਬਾਵਜੂਦ ਇਹ ਸੜਕ ਪਿਛਲੇ ਲੰਮੇ ਸਮੇਂ ਤੋਂ ਟੁੱਟੀ ਹੋਈ ਪਈ ਹੈ। ਕੁਝ ਸਮਾਂ ਪਹਿਲਾਂ ਠੇਕੇਦਾਰ ਵਲੋਂ ਨਵੀਂ ਸੜਕ ਬਣਾਉਣ ਲਈ ਪੁਰਾਣੀ ਸੜਕ ਦੀ ਪੁਟਾਈ ਤਾਂ ਕਰ ਦਿੱਤੀ ਗਈ, ਪਰ ਉਸ ਤੋਂ ਬਾਅਦ ਕੰਮ ਅਧੂਰਾ ਛੱਡ ਦਿੱਤਾ ਗਿਆ। ਨਤੀਜੇ ਵਜੋਂ ਹਲਕੀ ਬਾਰਿਸ਼ ਨਾਲ ਹੀ ਸੜਕ ’ਤੇ ਵੱਡੇ-ਵੱਡੇ ਟੋਏ ਪਾਣੀ ਨਾਲ ਭਰ ਜਾਂਦੇ ਹਨ ਅਤੇ ਪੂਰੀ ਸੜਕ ਤਲਾਬ ਵਰਗੀ ਦਿਖਾਈ ਦਿੰਦੀ ਹੈ। ਸਥਾਨਕ ਨਿਵਾਸੀਆਂ ਅਤੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਖੜ੍ਹੇ ਪਾਣੀ ਕਾਰਨ ਹਰ ਰੋਜ਼ ਮੋਟਰਸਾਈਕਲ, ਜੁਗਾੜੂ ਰੇੜੀਆਂ ਅਤੇ ਹੋਰ ਛੋਟੇ ਵਾਹਨ ਫਿਸਲ ਕੇ ਪਲਟ ਰਹੇ ਹਨ। ਕਈ ਲੋਕ ਜ਼ਖ਼ਮੀ ਵੀ ਹੋ ਚੁੱਕੇ ਹਨ, ਪਰ ਨਾ ਤਾਂ ਪ੍ਰਸ਼ਾਸਨ ਵਲੋਂ ਕੋਈ ਠੋਸ ਕਦਮ ਚੁੱਕਿਆ ਗਿਆ ਹੈ ਤੇ ਨਾ ਹੀ ਠੇਕੇਦਾਰ ਨੇ ਕੰਮ ਮੁੜ ਸ਼ੁਰੂ ਕਰਨ ਦੀ ਲੋੜ ਸਮਝੀ ਹੈ। ਲੋਕਾਂ ਦਾ ਦੋਸ਼ ਹੈ ਕਿ ਸਰਕਾਰ ਅਤੇ ਸੰਬੰਧਿਤ ਵਿਭਾਗ ਮੂਕ ਦਰਸ਼ਕ ਬਣੇ ਹੋਏ ਹਨ ਅਤੇ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਹੇ ਹਨ। ਇਲਾਕਾ ਵਾਸੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਜਲਦੀ ਸੜਕ ਦਾ ਨਿਰਮਾਣ ਮੁਕੰਮਲ ਨਾ ਕੀਤਾ ਗਿਆ ਅਤੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਨੇ ਪੰਜਾਬ ਸਰਕਾਰ, ਲੋਕ ਨਿਰਮਾਣ ਵਿਭਾਗ ਅਤੇ ਸੰਬੰਧਿਤ ਠੇਕੇਦਾਰ ਤੋਂ ਮੰਗ ਕੀਤੀ ਹੈ ਕਿ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਅਧੂਰੇ ਪਏ ਕੰਮ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕੀਤਾ ਜਾਵੇ। ਇਸ ਵੇਲੇ ਸੜਕ ਦੀ ਦੁਰਦਸ਼ਾ ਪ੍ਰਸ਼ਾਸਨਿਕ ਲਾਪਰਵਾਹੀ ਅਤੇ ਠੇਕੇਦਾਰ ਦੀ ਅਣਗਹਿਲੀ ਦੀ ਸਪੱਸ਼ਟ ਤਸਵੀਰ ਪੇਸ਼ ਕਰ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਪਿੰਡ ਵੜਿੰਗ ਵਿਖੇ ਪਲਸ ਪੋਲੀਓ ਮੁਹਿੰਮ ਤਹਿਤ ਬੱਚਿਆਂ ਨੂੰ ਪਿਲਾਈਆਂ ਗਈਆਂ ਪੋਲੀਓ ਰੋਕੂ ਬੂੰਦਾਂ ਅਗਲੀ ਖ਼ਬਰ Ambala Child in Borewell Rescue : ‘‘ਦੁਆਵਾਂ ਕਰੋ, ਅਸੀਂ ਨਿੱਕੇ ਨਿਰਵੈਰ ਨੂੰ ਸਹੀ ਸਲਾਮਤ ਕੱਢ ਲਈਏ ਬਾਹਰ’’
Ad Position 24
No active advertisement