ਬਾਬਾ ਬਕਾਲਾ ਸਾਹਿਬ, 29 ਜੂਨ (ਸ਼ੇਲਿੰਦਰਜੀਤ ਸਿੰਘ ਰਾਜਨ)- ਬੀਤੇ ਸਮੇਂ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ, ਪੰਜਾਬ ਸਰਕਾਰ ਵਲੋਂ ਇਤਿਹਾਸਕ ਨਗਰ, ਬਾਬਾ ਬਕਾਲਾ ਸਾਹਿਬ ਵਿਖੇ ਮੇਨ ਬਜ਼ਾਰ ਦੇ ਸੁੰਦਰੀਕਰਨ ਲਈ 3 ਕਰੋੜ, 30 ਲੱਖ 51 ਹਜ਼ਾਰ ਦੀ ਗ੍ਰਾਂਟ ਮਨਜ਼ੂਰ ਹੋਏ ਸਨ, ਪਰ ਜਦੋਂ ਬਜ਼ਾਰ ਦਾ ਕੰਮ ਸ਼ੁਰੂ ਕੀਤਾ ਗਿਆ ਤਾਂ ਇੱਥੇ ਸੜਕ ‘ਤੇ ਲਾਉਣ ਲਈ ਪੁੱਜੀਆਂ ਇੰਟਰਲਾਕ ਟਾਇਲਾਂ ਸਮੇਤ ਮਾੜਾ ਮਟੀਰੀਅਲ ਵਰਤਣ ‘ਤੇ ਸਥਾਨਕ ਦੁਕਾਨਦਾਰਾਂ ਅਤੇ ਸ਼ਰਧਾਲੂਆਂ ਵਿਚ ਭਾਰੀ ਰੋਸ ਪਾਇਆ ਗਿਆ, ਜਿਸ ਦੌਰਾਨ ਜਿੱਥੇ ਸਥਾਨਕ ਦੁਕਾਨਦਾਰਾਂ ਨੇ ਪੁੱਜੇ ਮਟੀਰੀਅਲ ਨੂੰ ਲਾਉਣ ਤੋਂ ਰੋਕ ਦਿੱਤਾ ਸੀ, ਉਥੇ ਸਾਬਕਾ ਕਾਂਗਰਸੀ ਵਿਧਾਇਕ ਸ: ਸੰਤੋਖ ਸਿੰਘ ਭਲਾਈਪੁਰ ਵੀ ਬਜ਼ਾਰ ਦੇ ਦੁਕਾਨਦਾਰਾਂ ਦੇ ਹੱਕ ਵਿਚ ਨਿਤਰੇ ਅਤੇ ਪ੍ਰਸ਼ਾਸਨ ਖਿਲਾਫ ਰੋਸ ਵਿਖਾਵਾ ਕੀਤਾ । ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਬਜ਼ਾਰ ਕਮੇਟੀ ਦੇ ਪ੍ਰਧਾਨ ਹਰਦੀਪ ਸਿੰਘ ਸਮੇਤ ਦੁਕਾਨਦਾਰਾਂ ਨਾਲ ਮੀਟਿੰਗ ਕੀਤੀ ਅਤੇ ਕਿਹਾ ਕਿ ਹੁਣ ਸਭ ਦੇ ਸਾਂਝੇ ਦਬਾਅ ਕਾਰਣ ਭਾਵੇਂ ਕਿ ਪ੍ਰਸ਼ਾਸਨ ਬਜ਼ਾਰ ਵਿਚ ਅੱਛਾ ਮਟੀਰੀਅਲ ਲਾਉਣ ਲਈ ਰਜ਼ਾਮੰਦ ਹੋ ਗਿਆ ਹੈ, ਪਰ ਫਿਰ ਵੀ ਅਸੀਂ ਬਜ਼ਾਰ ਦੇ ਸਮੂਹ ਦੁਕਾਨਦਾਰਾਂ ਦੇ ਹੱਕ ਵਿਚ ਹਮੇਸ਼ਾਂ ਉਨ੍ਹਾਂ ਦੇ ਦੁੱਖ ਸੁੱਖ ਵਿਚ ਨਾਲ ਖੜ੍ਹੇ ਹਾਂ । ਇਸ ਮੌਕੇ ਸ: ਭਲਾਈਪੁਰ ਦੇ ਨਾਲ ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਰੌਬਿਨ ਮਾਨ ਸਾ: ਪ੍ਰਧਾਨ ਨਗਰ ਪੰਚਾਇਤ ਰਈਆ, ਜਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਚੈਂਚਲ ਸਿੰਘ ਭੁੱਲਰ (ਗਗਨ ਪੈਲੇਸ), ਜਗਦੀਪ ਸਿੰਘ ਮਾਨ ਤੋਂ ਇਲਾਵਾ ਹਰਦੀਪ ਸਿੰਘ ਪ੍ਰਧਾਨ ਬਜ਼ਾਰ ਕਮੇਟੀ, ਸਵਰਨਜੀਤ ਸਿੰਘ ਕੰਬੋ, ਤਰਸੇਮ ਸਿੰਘ ਬੱਬੂ ਪਲਾਸਟਿਕ, ਦਲਬੀਰ ਸਿੰਘ ਇਲੈਕਟ੍ਰੋਨਿਕਸ, ਧਾਮੀ ਇਲੈਕਟ੍ਰੋਨਿਕਸ ਅਤੇ ਹੋਰ ਦੁਕਾਨਦਾਰ ਹਾਜ਼ਰ ਸਨ ।