ਤਰਨ ਤਾਰਨ, 5 ਜੁਲਾਈ (ਇਕਬਾਲ ਸਿੰਘ ਸੋਢੀ)-ਭਗਵੰਤ ਮਾਨ ਦੀ ਸਰਕਾਰ ਪੰਜਾਬ ਨੂੰ ਦਿਨੋ ਦਿਨ ਕਰਜਾਈ ਕਰਨ ਵੱਲ ਤੁਲੀ ਹੋਈ ਹੈ ਅਤੇ ਆਪਣੀਆਂ ਮਨਮਰਜ਼ੀਆਂ ਕਰਨ ਲਈ ਕਰੋੜਾਂ ਰੁਪਏ ਦਾ ਕਰਜਾ ਪੰਜਾਬ ਸਿਰ ਚਾੜ੍ਹਿਆ ਜਾ ਰਿਹਾ, ਜਿਸ ਕਾਰਨ ਪੰਜਾਬ ਦੀ ਅਰਥ ਅਵਸਥਾ ਨਿਘਰਦੀ ਜਾ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਨੌਸ਼ਹਿਰਾ ਪੰਨੂੰਆਂ ’ਚ ਪਾਰਟੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ। ਮੀਟਿੰਗ ਦੀ ਪ੍ਰਧਾਨਗੀ ਡਾ. ਅਸ਼ਵਨੀ ਕੁਮਾਰ ਨੇ ਕੀਤੀ। ਜਾਮਾਰਾਏ ਨੇ ਕਿਹਾ ਕਿ ਕੇਂਦਰ ਦੀ ਬੀ.ਜੇ.ਪੀ. ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਦੀਆਂ ਨੀਤੀਆਂ ਵਿਚ ਕੋਈ ਅੰਤਰ ਨਹੀਂ। ਇਨ੍ਹਾਂ ਦੋਹਾਂ ਦੀਆਂ ਨੀਤੀਆਂ ਕਾਰਪੋਰੇਟ ਪੱਖੀ, ਕਿਸਾਨ ਮਜ਼ਦੂਰ ਅਤੇ ਆਮ ਵਰਗ ਵਿਰੋਧੀ ਹਨ। ਉਨ੍ਹਾਂ ਕਿਹਾ ਕਿ ਮੁਕਤ ਵਪਾਰ ਸਮਝੌਤੇ ਦੇ ਖਿਲਾਫ਼ ਪਾਰਟੀ ਤਿੱਖਾ ਸੰਘਰਸ਼ ਲੜਨ ਲਈ ਲੋਕਾਂ ਨੂੰ ਲਾਮਬੰਦ ਕਰੇਗੀ। ਉਨ੍ਹਾਂ ਚਿੰਤਾ ਜਾਹਰ ਕਰਦਿਆਂ ਕਿਹਾ ਕਿ ਕਿਸਾਨਾਂ-ਮਜ਼ਦੂਰ ਅਤੇ ਨੌਜਵਾਨਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ, ਪਰ ਹਕੀਕਤ ਵਿਚ ਕੁੱਝ ਨਹੀਂ ਕੀਤਾ ਜਾ ਰਿਹਾ। ਕਿਸਾਨ ਮਜ਼ਦੂਰ ਕਰਜ਼ੇ ਦੇ ਬੋਝ ਹੇਠ ਦੱਬੇ ਜਾ ਰਹੇ ਹਨ। ਨੌਜਵਾਨ ਪੀੜੀ ਰੁਜਗਾਰ ਦੀ ਥਾਂ ਡਾਂਗਾਂ ਖਾ ਰਹੀ ਹੈ। ਪੰਜਾਬ ਅੰਦਰ ਗੁਰੂਆਂ, ਪੀਰਾਂ, ਦੇਸ਼ ਭਗਤਾਂ ਦੀ ਧਰਤੀ ਤੇ ਨਸ਼ੇ, ਲੁੱਟਾਂ, ਖੋਹਾਂ, ਕਤਲੋਗਾਰਦ, ਡਕੈਤੀਆ ਨਿੱਤ ਦਿਨ ਹੋ ਰਹੀਆਂ ਹਨ। ਪੰਜਾਬ ਦੀ ਪੁਲਿਸ ਲਾਚਾਰ ਹੋਈ ਬੈਠੀ ਹੈ, ਥਾਣਿਆਂ ਅੰਦਰ ਕਿਸੇ ਨੂੰ ਇਨਸਾਫ ਨਹੀਂ ਮਿਲ ਰਿਹਾ। ਜਮਾਰਾਏ ਨੇ ਕਿਹਾ ਕਿ ਇਹਨਾਂ ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਦਾ ਮੁਕਾਬਲਾ ਕਰਨ ਲਈ ਲੋਕ ਲਹਿਰ ਉਸਾਰਨ ਦੀ ਅਹਿਮ ਲੋੜ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆ ਬਲਦੇਵ ਸਿੰਘ ਭੈਲ ਨੇ ਕਿਹਾ ਕਿ ਮਜ਼ਦੂਰਾਂ ਕਿਸਾਨਾਂ ਦਾ ਰਾਜ ਸਥਾਪਿਤ ਕਰਨ ਲਈ ਇਨ੍ਹਾਂ ਹਾਕਮਾਂ ਵਿਰੁੱਧ ਤਿੱਖਾ ਸੰਘਰਸ਼ ਕਰਨ ਦੀ ਅਹਿਮ ਲੋੜ ਹੈ। ਉਨ੍ਹਾਂ ਸ਼ਹੀਦ ਊਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਨ 31 ਜੁਲਾਈ ਨੂੰ ਕੀਤੇ ਜਾ ਰਹੇ ਸੈਮੀਨਾਰ ਤਰਨ ਤਾਰਨ ’ਚ ਪਹੁੰਚਣ ਦਾ ਸੱਦਾ ਦਿੱਤਾ। ਇਸ ਮੌਕੇ ਮਨਜੀਤ ਸਿੰਘ ਬੱਗੂ, ਅਮ੍ਰਿਤਪਾਲ ਸਿੰਘ ਚੌਧਰੀਵਾਲਾ, ਸਵਿੰਦਰ ਸਿੰਘ ਭੱਠਲ, ਬਲਬੀਰ ਸਿੰਘ ਦਰਗਾਪੁਰ, ਬਿੰਦਰ ਸਿੰਘ ਨੰਦਪੁਰ, ਗੁਰਵਿੰਦਰ ਸਿੰਘ ਠੱਠੀਆਂ, ਹਰਦੀਪ ਸਿੰਘ ਚੌਧਰੀਵਾਲ, ਨਿਰਭੈ ਸਿੰਘ ਜਵੰਦਾ, ਮਹੀਪਾਲ ਸਿੰਘ ਠੱਠੀਆਂ, ਸ਼ਮਸ਼ੇਰ ਸਿੰਘ ਚੌਧਰੀਵਾਲਾ ਆਦਿ ਹਾਜ਼ਰ ਸਨ।