ਤਰਨ ਤਾਰਨ, 31 ਜੁਲਾਈ (ਹਰਿੰਦਰ ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਤਰਨ ਤਾਰਨ ਤਹਿਸੀਲ ਕਮੇਟੀ ਵਲੋਂ ਸੁਤੰਤਰਤਾ ਸੰਗਰਾਮ ਦੇ ਮਹਾਨ ਸ਼ਹੀਦ ਊਧਮ ਸਿੰਘ ਸੁਨਾਮ ਉਰਫ ਮੁਹੰਮਦ ਸਿੰਘ ‘ਆਜ਼ਾਦ’ ਦਾ ਸ਼ਹੀਦੀ ਦਿਹਾੜਾ ਇੱਥੋਂ ਦੀ ਗੰਢਿਆਂ ਵਾਲੀ ਧਰਮਸ਼ਾਲਾ ’ਚ ਪ੍ਰਭਾਵਸ਼ਾਲੀ ਸੈਮੀਨਾਰ ਸੱਦ ਕੇ ਮਨਾਇਆ ਗਿਆ। ਸੈਮੀਨਾਰ ਦੇ ਮੁੱਖ ਬੁਲਾਰੇ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਸਾਮਰਾਜ ਅਤੇ ਫਿਰਕੂ-ਫਾਸ਼ੀਵਾਦ ਵਲੋਂ ਦਰਪੇਸ਼ ਖਤਰੇ ਤੇ ਭਾਰਤੀ ਲੋਕ ਵਿਸ਼ੇ ਦਾ ਕੁੰਜੀਵਤ ਭਾਸ਼ਣ ਦਿੱਤਾ। ਰਾਜ ਕਮੇਟੀ ਦੇ ਸਕੱਤਰ ਸਾਥੀ ਪ੍ਰਗਟ ਸਿੰਘ ਜਾਮਾਰਾਏ ਨੇ ਸੂਬੇ ਦੀ ਅਜੋਕੀ ਗੰਭੀਰ ਸਥਿਤੀ ਬਾਰੇ ਵਿਚਾਰ ਰੱਖੇ। ਦੋਨੋਂ ਪ੍ਰਮੁੱਖ ਬੁਲਾਰਿਆਂ ਨੇ ਅਦੁੱਤੀ ਸ਼ਹੀਦ ਦੀ ਲੋਕ ਪੱਖੀ ਸੋਚ, ਆਪਣੇ ਅਕੀਦੇ ਪ੍ਰਤੀ ਉਨ੍ਹਾਂ ਦੇ ਅਟੁੱਟ ਸਮਰਪਣ ਅਤੇ ਘਾਲਣਾਵਾਂ ਭਰਪੂਰ ਜੀਵਨ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੇਸ਼ ਵਾਸੀਆਂ, ਖਾਸ ਕਰਕੇ ਨੌਜਵਾਨੀ ਨੂੰ ਉਨ੍ਹਾਂ ਦੀ ਸੋਚ ਦੇ ਹਾਣੀ ਬਣਨ ਤੇ ਉਨ੍ਹਾਂ ਦੇ ਪਦਚਿਨ੍ਹਾਂ ’ਤੇ ਚੱਲਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਜਿੰਨੀ ਘ੍ਰਿਣਾ ਪੂਰੀ ਦੁਨੀਆਂ ਨੂੰ ਗੁਲਾਮ ਬਣਾਉਣ ਵਾਲੇ ਸਾਮਰਾਜੀ ਧਾੜਵੀਆਂ ਨੂੰ ਕਰਦੇ ਸਨ, ਉਸ ਤੋਂ ਕਿਤੇ ਵਧੇਰੇ ਨਫਰਤ ਉਹ ਹਰ ਧਰਮ ਵਿਚਲੇ ਕੱਟੜਪੰਥੀਆਂ ਨੂੰ ਕਰਦੇ ਸਨ। ਸਾਂਝੀਵਾਲਤਾ ਦੇ ਮੁਦੱਈ ਹੋਣ ਕਰਕੇ ਹੀ ਉਨ੍ਹਾਂ ਨੇ ਆਪਣਾ ਨਾਾਂਅ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਜੱਜ ਦੇ ਸਾਹਮਣੇ ਉਨ੍ਹਾਂ ਦਾ ਇਹ ਕਹਿਣਾ ਕਿ ਉਹ ਅੰਗ੍ਰੇਜ਼ ਕੌਮ ਨੂੰ ਨਹੀਂ, ਸਿਰਫ਼ ਤੇ ਸਿਰਫ ਸਾਮਰਾਜੀ ਤੇ ਪੂੰਜੀਵਾਦੀਆਂ ਨੂੰ ਨਫਰਤ ਕਰਦੇ ਹਨ, ਉਨ੍ਹਾਂ ਦੀ ਕੌਮਾਂਤਰੀਵਾਦੀ ਸੋਚ ਦਾ ਪ੍ਰਤੱਖ ਪ੍ਰਮਾਣ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸਾਮਰਾਜੀਏ, ਖਾਸ ਕਰਕੇ ਅਮਰੀਕੀ ਸਾਮਰਾਜ ਅਜੋਕੇ ਸਮੇਂ ਦੂਜੇ ਵਿਸ਼ਵ ਯੁੱਧ ਤੋਂ ਪਹਿਲਾਂ ਦੇ ਦੌਰ ਨਾਲੋਂ ਵੀ ਕਿਤੇ ਵੱਧ ਖੂੰਖਾਰ ਹੋ ਗਿਆ ਹੈ। ਗਲੋਬ ਦੇ ਕਿਸੇ ਵੀ ਹਿੱਸੇ ’ਚ ਜਾਰੀ ਜੰਗਾਂ, ਤਖਤਾ ਪਲਟ ਦੀਆਂ ਸਾਜਿਸ਼ਾਂ, ਖੂਨ-ਖਰਾਬੇ ਜਾਂ ਦਹਿਸ਼ਤਗਰਦੀ ਪਿੱਛੇ ਅਮਰੀਕਨ ਸਾਮਰਾਜ ਤੇ ਇਸ ਦੇ ਜੋਟੀਦਾਰਾਂ ਦਾ ਹੱਥ ਹੈ। ਭਾਰਤ ਸਮੇਤ ਤਕਰੀਬਨ ਹਰ ਦੇਸ਼ ਦੇ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਆਪੋ-ਆਪਣੇ ਦੇਸ਼ ਜਾਂ ਲੋਕਾਂ ਦੇ ਹਿੱਤ ’ਚ ਫ਼ੈਸਲੇ ਲੈਣ ਦੀ ਥਾਂ ਸਾਮਰਾਜੀਆਂ ਵਲੋਂ ਘੜੀਆਂ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰ ਰਹੀ ਹੈ। ਸਾਥੀ ਪਾਸਲਾ ਨੇ ਜ਼ੋਰ ਦੇ ਕੇ ਲੋਕ-ਰਾਜੀ ਢਾਂਚੇ, ਸੰਘਾਤਮਕਕ ਅਧਿਕਾਰਾਂ, ਭਾਈਚਾਰਕ ਸਾਂਝ ਤੇ ਜਮਾਤੀ ਜਹਿਦ ਨੂੰ ਸਾਮਰਾਜੀ ਜਰਵਾਣੇ ਆਪਣੇ ਰਾਹ ਦਾ ਸਭ ਤੋਂ ਵੱਡਾ ਰੋੜਾ ਸਮਝਦੇ ਹਨ। ਇਸੇ ਕਰਕੇ ਸੰਸਾਰ ਭਰ ਦੇ ਨਿਜ਼ਾਮ, ਖਾਸ ਕਰਕੇ ਸਾਮਰਾਜ ਦੇ ਹੱਥਠੋਕੇ ਹੁਕਮਰਾਨ ਤਾਨਾਸ਼ਾਹੀ ਵੱਲ ਵਧਦੇ ਸਪੱਸ਼ਟ ਦਿਸ ਰਹੇ ਹਨ ਅਤੇ ਭਾਰਤ ਦੀ ਮੋਦੀ ਹਕੂਮਤ ਇਸ ਵਰਤਾਰੇ ਦੀ ਸਭ ਤੋਂ ਭੱਦੀ ਮਿਸਾਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ ਵਿਉਪਾਰ ਸਮਝੌਤੇ (ਐਫ.ਟੀ.ਏ.) ਦੁਨੀਆਂ ਦੇ ਸਮੁੱਚੇ ਦੇਸ਼ਾਂ ਦੇ ਕਾਰੋਬਾਰ ਤੇ ਨੀਤੀ-ਚੌਖਟੇ ਨੂੰ ਆਪਣੇ ਮੁਤਾਬਿਕ ਢਾਲਣ ਦਾ ਸਾਮਰਾਜੀਆਂ ਦਾ ਨਵੀਨਤਮ ਹਥਿਆਰ ਹੈ। ਸਾਥੀ ਪਾਸਲਾ ਨੇ ਕਿਹਾ ਕਿ ਸਾਮਰਾਜੀ ਜਰਵਾਣੇ, ਮੌਜੂਦ ਵਿਸ਼ਵ ਨਿਜਾਮ (ਵਰਲਡ ਆਰਡਰ) ਨੂੰ ਜਿਉਂ ਦਾ ਤਿਉਂ ਕਾਇਮ ਰੱਖਣ ਤੇ ਕਿਰਤੀ ਲੋਕਾਈ ਨੂੰ ਸਮਾਜਿਕ ਤਬਦੀਲੀ ਦੇ ਲੋਕ ਯੁੱਧ ਦੇ ਰਾਹ ਪੈਣ ਤੋਂ ਭਟਕਾਉਣ ਲਈ ਸੰਸਾਰ ਦੇ ਹਰ ਖੂੰਜੇ ’ਚ ਸੱਜ ਪਿਛਾਖੜੀਆਂ ਤੇ ਕਟੜਪ੍ਰਸਤਾਂ, ਜੋ ਲੋਕਾਂ ਨੂੰ ਨਸਲ-ਧਰਮ ਆਦਿ ਦੇ ਨਾਂਅ ’ਤੇ ਇਕ-ਦੂਜੇ ਦੇ ਵੈਰੀ ਬਣਾਉਂਦੇ ਹਨ, ਦਾ ਬੋਲਬਾਲਾ ਕਾਇਮ ਕਰਨ ਲੱਗੇ ਹੋਏ ਹਨ। ਭਾਰਤ ਅੰਦਰ ਭਾਜਪਾ, ਜੋ ਫਿਰਕੂ-ਫਾਸ਼ੀ, ਤਾਨਾਸ਼ਾਹ ਸੰਗਠਨ ਆਰ.ਐਸ.ਐਸ. ਦਾ ਸਿਆਸੀ ਵਿੰਗ ਹੈ, ਦੀ ਅਗਵਾਈ ਵਾਲੀ ਮੋਦੀ ਸਰਕਾਰ ਸਾਮਰਾਜੀ ਚਾਕਰੀ ਦੀ ਸੱਭ ਤੋਂ ਭੱਦੀ ਵੰਨਗੀ ਹੈ। ਇਸ ਮੌਕੇ ਮੁਖਤਿਆਰ ਸਿੰਘ ਮੱਲ੍ਹਾ, ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੌਲ, ਕੁਲਦੀਪ ਸਿੰਘ ਮਾਣੋਚਾਲ੍ਹ, ਜਰਨੈਲ ਸਿੰਘ ਰਸੂਲਪੁਰ, ਸੁਖਦੇਵ ਸਿੰਘ ਜਵੰਦਾ, ਮਾਸਟਰ ਸੁਲੱਖਣ ਸਿੰਘ ਤੁੜ, ਦਵਿੰਦਰ ਸਿੰਘ ਬਿੱਟੂ, ਕਰਮ ਸਿੰਘ ਪੰਡੋਰੀ ਆਦਿ ਹਾਜ਼ਰ ਸਨ।