ਤਰਨ ਤਾਰਨ, 5 ਜੁਲਾਈ (ਪਰਮਜੀਤ ਜੋਸ਼ੀ)-ਸੰਯੁਕਤ ਕਿਸਾਨ ਮੋਰਚਾ ਜ਼ਿਲ੍ਹਾ ਤਰਨ ਤਾਰਨ ਵਿਚ ਕੰਮ ਕਰਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵਲੋਂ ਸਹਿਕਾਰੀ ਖੰਡ ਮਿੱਲ ਦੀ ਮਾਲਕੀ ਤਬਦੀਲ ਕਰਨ ਵਿਰੁੱਧ ਲਗਾਤਾਰ ਪੱਕਾ ਮੋਰਚਾ 46ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਬੋਲਦਿਆਂ ਹੋਇਆ ਹਰਜਿੰਦਰ ਸਿੰਘ ਟਾਂਡਾ, ਸੁਖਬਾਜ ਸਿੰਘ ਸਿੱਧੂ, ਮਨਜੀਤ ਸਿੰਘ ਬੱਗੂ, ਨਛੱਤਰ ਸਿੰਘ ਪੰਨੂੰ, ਬਲਕਾਰ ਸਿੰਘ ਵਲਟੋਹਾ, ਇੰਦਰਜੀਤ ਸਿੰਘ ਮਰਹਾਣਾ, ਜੱਸਾ ਸਿੰਘ ਕੱਦਗਿੱਲ ਅਤੇ ਸਰਬਜੀਤ ਸਿੰਘ ਨੱਥੂ ਚੱਕ ਨੇ ਕਿਹਾ ਕਿ ਇਹ ਸਹਿਕਾਰੀ ਖੰਡ ਮਿੱਲ ਕਿਸਾਨਾਂ ਦੇ 60 ਫੀਸਦੀ ਸ਼ੇਅਰਾਂ ਨਾਲ ਹੋਂਦ ਵਿਚ ਆਈ ਹੈ। ਪੰਜਾਬ ਸਰਕਾਰ ਕਿਸੇ ਵੀ ਕੀਮਤ ’ਤੇ ਇਸ ਦੀ ਮਾਲਕੀ ਤਬਦੀਲ ਕਰਨ ਦਾ ਅਧਿਕਾਰ ਨਹੀਂ ਰੱਖਦੀ। ਸੰਯੁਕਤ ਕਿਸਾਨ ਮੋਰਚਾ, ਭਾਰਤ ਅਮਰੀਕਾ ਮੁਕਤ ਵਪਾਰ ਸਮਝੋਤੇ ਦਾ ਜ਼ਬਰਦਸਤ ਵਿਰੋਧ ਕਰੇਗਾ, ਕਿਉਂਕਿ ਇਹ ਸਮਝੌਤਾ ਭਾਰਤ ਅੰਦਰ ਵੱਡੀ ਗਿਣਤੀ ਆਬਾਦੀ ਦੀ ਖੇਤੀ ’ਤੇ ਨਿਰਭਰਤਾ ’ਤੇ ਹਮਲਾ ਕਰਦਾ ਹੈ। ਦੇਸ਼ ਅੰਦਰ ਲੋਕਾਂ ਕੋਲੋਂ ਰੁਜ਼ਗਾਰ ਖੁਸ ਰਿਹਾ ਹੈ, ਸੇਵਾ ਸੈਕਟਰ ਵਿਚ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ। ਸਰਕਾਰ ਵਿਰੁੱਧ ਆਵਾਜ਼ ਉਠਾਉਣ ਵਾਲੇ ਕਿਸਾਨ ਮਜ਼ਦੂਰ ਮੁਲਾਜ਼ਮ ਸਾਰੇ ਤਬਕਿਆਂ ਉੱਪਰ ਤਾਨਾਸ਼ਾਹੀ ਤਰੀਕੇ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਐਸ.ਕੇ.ਐਮ. ਆਉਣ ਵਾਲੇ ਸਮੇਂ ਵਿਚ ਲਗਾਤਾਰ ਸਰਕਾਰੀ ਤਾਨਾਸ਼ਾਹੀ ਦਾ ਡੱਟ ਕੇ ਮੁਕਾਬਲਾ ਕਰਦਾ ਰਹੇਗਾ। ਸਰਕਾਰੀ ਸੰਪਤੀਆਂ ਜ਼ਮੀਨਾਂ ਅਤੇ ਸਹਿਕਾਰੀ ਖੰਡ ਮਿੱਲਾਂ ਨੂੰ ਬੰਦ ਕਰਨ ਦੀ ਸਰਕਾਰ ਦੀ ਕੋਈ ਵੀ ਚਾਲ ਸਫਲ ਨਹੀਂ ਹੋਣ ਦਿੱਤੀ ਜਾਵੇਗੀ । ਕਿਸਾਨ ਆਗੂਆਂ ਜ਼ੋਰ ਦੇ ਕੇ ਕਿਹਾ ਜੇਕਰ ਭਗਵੰਤ ਮਾਨ ਸਰਕਾਰ ਨੇ ਸਮਾਂ ਰਹਿੰਦਿਆਂ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ ਦੇ ਮਸਲੇ ਹੱਲ ਨੇ ਹੱਲ ਨਾ ਕੀਤੇ ਤਾਂ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਸਰਕਾਰੀ ਖੰਡ ਮਿੱਲ ਸੇਰੋਂ ਦੀ ਮਾਲਕੀ ਕਿਸੇ ਕੀਮਤ ’ਤੇ ਤਬਦੀਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਇਥੇ ਇਹ ਦੱਸਣਯੋਗ ਹੈ ਕਿ ਐਸ.ਕੇ.ਐਮ. ਦੀ ਜ਼ਿਲ੍ਹਾ ਲੀਡਰਸ਼ਿਪ ਵਲੋਂ ਆਮ ਆਦਮੀ ਪਾਰਟੀ ਤੇ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦਾ ਪ੍ਰੋਗਰਾਮ ਬਣਾਇਆ ਸੀ, ਪਰ ਹਲਕਾ ਵਿਧਾਇਕ ਖਡੂਰ ਸਾਹਿਬ ਮਨਜਿੰਦਰ ਸਿੰਘ ਲਾਲਪੁਰਾ ਵਲੋਂ ਮੰਗ ਪੱਤਰ ਲੈਣ ਤੋਂ ਇਨਕਾਰ ਕੀਤਾ ਗਿਆ ਸੀ, ਜਿਸ ਬਾਰੇ ਕਿਸਾਨਾਂ ਦੇ ਮਨਾਂ ਅੰਦਰ ਰੋਹ ਦੀ ਭਾਵਨਾ ਹੈ। ਮੋਰਚੇ ਅੰਦਰ ਇਕ ਵੱਖਰੀ ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਕਿ 10 ਜੁਲਾਈ ਨੂੰ ਮਨਜਿੰਦਰ ਸਿੰਘ ਲਾਲਪੁਰਾ ਦੀ ਰਿਹਾਇਸ਼ ਪਿੰਡ ਲਾਲਪੁਰਾ ਵਿਖੇ ਉਨ੍ਹਾਂ ਦਾ ਪੁਤਲਾ ਫੂਕਿਆ ਜਾਵੇਗਾ । ਜੇਕਰ ਸਰਕਾਰ ਅਤੇ ਉਸਦੇ ਵਿਧਾਇਕਾਂ ਵਲੋਂ ਕਿਸਾਨਾਂ ਦੀਆਂ ਮੰਗਾਂ ਨੂੰ ਇਸੇ ਤਰ੍ਹਾਂ ਅਣਦੇਖਾ ਕੀਤਾ ਜਾਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਸੰਘਰਸ਼ ਦੀ ਰੂਪਰੇਖਾ ਤਬਦੀਲ ਕੀਤੀ ਜਾਵੇਗੀ। ਇਸ ਮੌਕੇ ਜਸਵੀਰ ਸਿੰਘ, ਕੁਲਵਿੰਦਰ ਸਿੰਘ ਨਾਰਲੀ, ਅਮਰਜੀਤ ਨਾਰਲੀ, ਰਜਿੰਦਰ ਸਿੰਘ ਨੱਥੂਚੱਕ, ਸੁਖਦੇਵ ਸਿੰਘ, ਰਤਨ ਸਿੰਘ ਢੰਡ, ਰਵਨੀਤ ਸਿੰਘ ਸੱਤੋਵਾਲ, ਗੁਰਵਿੰਦਰ ਸਿੰਘ, ਸ਼ਿੰਗਾਰਾ ਸਿੰਘ, ਜੋਬਨਜੀਤ ਸਿੰਘ ਸੱਤੋਵਾਲ, ਰੇਸ਼ਮ ਸਿੰਘ ਫੈਲੋਕੇ, ਮਹੀਪਾਲ ਸਿੰਘ ਠੱਠੀਆਂ, ਹਰਭਾਗ ਸਿੰਘ ਤੁੜ, ਕਸ਼ਮੀਰ ਸਿੰਘ ਫੈਲੋਕੇ, ਰਜਵੰਤ ਸਿੰਘ ਫੈਲੋਕੇ, ਗੁਰਵਿੰਦਰ ਸਿੰਘ ਖੱਟੀਆਂ, ਦਵਿੰਦਰ ਸੋਹਲ ,ਵਿਰਸਾ ਸਿੰਘ ਸਰਹਾਲੀ ਖੁਰਦ, ਮਨਜੀਤ ਸਿੰਘ ਮਰਹਾਣਾ ਆਦਿ ਹਾਜ਼ਰ ਸਨ।