ਤਰਨ ਤਾਰਨ, 6 ਜੁਲਾਈ (ਇਕਬਾਲ ਸਿੰਘ ਸੋਢੀ)- ਤਰਨ ਤਾਰਨ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਸੂਬਾਈ ਆਗੂ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਐਸ.ਜੀ.ਪੀ.ਸੀ. ਸਿੱਖਾਂ ਦੀ ਸਿਰਮੌਰ ਸੰਸਥਾ ਹੈ । ਸਿੱਖ ਮਰਿਆਦਾ ਸਰਵ ਉੱਚ ਸ੍ਰੀ ਅਕਾਲ ਤਖਤ, ਐਸ.ਜੀ.ਪੀ.ਸੀ. ਤੋਂ ਬਗੈਰ ਕਿਸੇ ਵੀ ਸਰਕਾਰ ਨੂੰ ਸਲਾਹ ਮਸ਼ਵਰਾ ਲੈਣ ਤੋਂ ਬਗੈਰ ਕਾਨੂੰਨ ਬਣਾਉਣ ਦੀ ਕਿਸੇ ਨੂੰ ਵੀ ਇਜ਼ਾਜਤ ਨਹੀਂ। ਪੰਜਾਬ ਦੀ ਭਗਵੰਤ ਮਾਨ ਸਰਕਾਰ ਪਿਛਲੇ ਦਿਨੀਂ ਜੋ ਸ੍ਰੀ ਅਕਾਲ ਤਖਤ ਸਾਹਿਬ ’ਤੇ ਵਿਧਾਇਕਾਂ ਅਤੇ ਮੰਤਰੀਆਂ ਨੇ ਪੇਸ਼ ਹੋ ਕੇ ਜੋ ਮੰਨਿਆ ਹੈ ਕਿ ਇਕ ਮਹੀਨੇ ਦੇ ਅੰਦਰ ਅੰਦਰ ਕਾਨੂੰਨ ਵਿਚ ਜੋ ਤਰੁਟੀਆਂ ਰਹਿ ਗਈਆਂ ਹਨ। ਉਨ੍ਹਾਂ ਨੂੰ ਅਸੈਂਬਲੀ ਦਾ ਇਜਲਾਸ ਸੱਦ ਕੇ ਦਰੁਸਤ ਕੀਤਾ ਜਾਵੇਗਾ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਭਗਵੰਤ ਮਾਨ ਦੀ ਸਰਕਾਰ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ। ਉਨ੍ਹਾਂ ਕਿਹਾ ਕਿ ਜਿਸ ਵੀ ਮਨੁੱਖ ਨੇ ਸ੍ਰੀ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਇਆ ਹੈ, ਉਹ ਦੁਨੀਆ ਤੋਂ ਮਰ ਮਿਟ ਗਿਆ। ਇਸ ਕਰਕੇ ਭਗਵੰਤ ਮਾਨ ਸਰਕਾਰ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਫੈਸਲੇ ਨੂੰ ਫੌਰੀ ਤੌਰ ’ਤੇ ਲਾਗੂ ਕਰਨਾ ਚਾਹੀਦਾ ਹੈ।