ਝਬਾਲ, 26 ਜੁਲਾਈ (ਸਰਬਜੀਤ ਸਿੰਘ)- ਝਬਾਲ ਨੇੜੇ ਤਰਨ ਤਾਰਨ ਰੋਡ ਸੜਕ ਉੱਪਰ ਬਿਹਾਰ ਤੋਂ ਪੰਜਾਬ ਝੋਨਾ ਲਾਉਣ ਆਏ ਪੈਦਲ ਤੁਰੇ ਜਾ ਰਹੇ ਦੋ ਪ੍ਰਵਾਸੀ ਮਜ਼ਦੂਰਾਂ ’ਤੇ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਦੇ ਚੜ੍ਹ ਜਾਣ ਨਾਲ ਇਕ ਦੀ ਮੌਕੇ ’ਤੇ ਮੌਤ ਅਤੇ ਦੂਸਰੇ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨਸਾਰ ਬਘੇਲ ਸਿੰਘ ਵਾਲਾ ਪੰਚਾਇਤ ਵਿਚ ਇਕ ਪ੍ਰਵਾਸੀਆਂ ਦਾ ਗਰੁੱਪ ਝੋਨਾ ਲਾਉਣ ਵਾਸਤੇ ਆਇਆ ਹੋਇਆ ਸੀ, ਜਿਸ ਵਿਚੋਂ ਦੋ ਪ੍ਰਵਾਸੀ, ਜਿਨ੍ਹਾਂ ਦਾ ਨਾਂਅ ਚੰਦਨ ਅਤੇ ਗੋਰੂ, ਜੋ ਬਿਹਾਰ ਦੇ ਰਹਿਣ ਵਾਲੇ ਹਨ, ਤਰਨ ਤਾਰਨ ਸੜਕ ’ਤੇ ਪੈਦਲ ਤੁਰੇ ਜਾ ਰਹੇ ਸਨ ਕਿ ਪਿੱਛੋਂ ਝਬਾਲ ਵਾਲੇ ਪਾਸੇ ਤੋਂ ਇਕ ਆਲਟੋ ਕਾਰ ਨੰਬਰ ਪੀ.ਬੀ. 46 ਐਫ. 3429 ਤੇਜ਼ ਰਫਤਾਰ ਰਫਤਾਰ ਕਾਰਨ ਸੰਤੁਲਨ ਵਿਗੜਨ ’ਤੇ ਸੜਕ ’ਤੇ ਤੁਰੇ ਜਾ ਰਹੇ ਦੋ ਪ੍ਰਵਾਸੀਆਂ ’ਤੇ ਚੜ੍ਹ ਗਈ, ਜਿਸ ਨਾਲ ਚੰਦਨ ਨਾਂਅ ਦੇ ਵਿਅਕਤੀ ਦੀ ਮੌਕੇ ’ਤੇ ਮੌਤ ਹੋ ਗਈ, ਜਦੋਂਕਿ ਗੋਰੂ ਨਾਂਅ ਦਾ ਵਿਕਤੀ ਗੰਭੀਰ ਰੂਪ ਜ਼ਖ਼ਮੀ ਹੋ ਗਿਆ, ਜਿਸ ਨੂੰ ਤੁਰੰਤ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਦੀ ਦਾਖ਼ਲ ਕਰਾਇਆ ਗਿਆ । ਘਟਨਾ ਦਾ ਪਤਾ ਚੱਲਦਿਆਂ ਹੀ ਥਾਣਾ ਝਬਾਲ ਤੋਂ ਪੁਲਿਸ ਪਾਰਟੀ ਮੌਕੇ ’ਤੇ ਪਹੁੰਚ ਗਈ, ਜਿਨਾਂ ਨੇ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਕਰ ਦਿੱਤੀ ਹੈ। ਜਦੋਂਕਿ ਕਾਰ ਚਾਲਕ ਕਾਰ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ।
ਝਬਾਲ ਨੇੜੇ ਪ੍ਰਵਾਸੀਆਂ ’ਤੇ ਚੜ੍ਹੀ ਤੇਜ਼ ਰਫ਼ਤਾਰ ਆਲਟੋ ਕਾਰ
ਅਜੀਤ ਡੈਸਕ
27-07-2026