ਲੁਧਿਆਣਾ, 5 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਸੁਨਿਆਰੇ ਦੀ ਦੁਕਾਨ ਤੋਂ ਸੋਨੇ ਦੀ ਮੁੰਦਰੀ ਬਦਲੇ ਨਕਲੀ ਮੁੰਦਰੀ ਰੱਖ ਕੇ ਫ਼ਰਾਰ ਹੋਣ ਵਾਲੀ ਲੜਕੀ ਨੂੰ ਕਾਬੂ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਵੈਸ਼ਨੋ ਜਿਊਲਰਜ਼ ਦੇ ਮਾਲਕ ਅਸ਼ੀਸ਼ ਸਚਦੇਵਾ ਵਾਸੀ ਹੈਬੋਵਾਲ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਸਬੰਧੀ ਮਨਪ੍ਰੀਤ ਕੌਰ ਪੁੱਤਰੀ ਮਨਜੀਤ ਸਿੰਘ ਵਾਸੀ ਕਿਸ਼ਨਗੜ੍ਹ ਦੋਰਾਹਾ ਖ਼ਿਲਾਫ਼ ਕੇਸ ਦਰਜ ਕਰਨ ਉਪਰੰਤ ਉਸ ਨੂੰ ਗਿ੍ਫ਼ਤਾਰ ਕਰ ਲਿਆ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਲੜਕੀ ਉਨ੍ਹਾਂ ਪਾਸ ਸੋਨੇ ਦੀ ਮੁੰਦਰੀ ਖਰੀਦਣ ਲਈ ਆਈ ਸੀ, ਜਦੋਂ ਉਨ੍ਹਾਂ ਦੇ ਮੁਲਾਜ਼ਮਾਂ ਨੇ ਲੜਕੀ ਨੂੰ ਮੁੰਦਰੀਆਂ ਦਿਖਾਉਣੀਆਂ ਸ਼ੁਰੂ ਕੀਤੀਆਂ ਤਾਂ ਉਸ ਨੇ ਚਲਾਕੀ ਨਾਲ ਇਕ ਮੁੰਦਰੀ ਅਸਲੀ ਚੱਕ ਕੇ ਉਸ ਦੀ ਥਾਂ 'ਤੇ ਆਪਣੇ ਕੋਲੋਂ ਨਕਲੀ ਮੁੰਦਰੀ ਰੱਖ ਦਿੱਤੀ ਤੇ ਫ਼ਰਾਰ ਹੋ ਗਈ | ਬਾਅਦ ਵਿਚ ਸ਼ਿਕਾਇਤਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ ਵਿਚ ਲਿਆਂਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ | ਉਸ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ ਤੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ |