ਤਸ਼ੱਦਦ ਕਰਨ ਵਾਲੇ 4 ਪੁਲਿਸ ਮੁਲਾਜ਼ਮਾਂ ਸਮੇਤ 7 ਖਿਲਾਫ ਕੇਸ ਦਰਜ
ਲੁਧਿਆਣਾ, 30 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਸ਼ਹਿਰ ਦੇ ਮੁੱਖ ਭਾਰਤ ਨਗਰ ਚੌਂਕ ਵਿਚ ਅੱਜ ਸਵੇਰੇ ਟੈਕਸੀ ਚਾਲਕ ਉੱਪਰ ਪੁਲਿਸ ਵਲੋਂ ਕਥਿਤ ਤੌਰ 'ਤੇ ਤਸ਼ੱਦਦ ਕੀਤੇ ਜਾਣ ਦੇ ਮਾਮਲੇ ਵਿਚ ਰੋਹ ਵਿਚ ਆਏ ਟੈਕਸੀ ਚਾਲਕਾਂ ਅਤੇ ਸਿੱਖ ਜਥੇਬੰਦੀਆਂ ਵਲੋਂ ਧਰਨਾ ਦੇ ਕੇ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ, ਜਿਸ ਕਾਰਨ ਉੱਥੇ ਸਥਿਤੀ ਤਣਾਅਪੂਰਨ ਬਣ ਗਈ | ਪ੍ਰਦਰਸ਼ਨ ਕਾਰਨ ਪੂਰੇ ਸ਼ਹਿਰ ਦੀ ਆਵਾਜਾਈ ਪੂਰਾ ਦਿਨ ਪ੍ਰਭਾਵਿਤ ਰਹੀ | ਪ੍ਰਦਰਸ਼ਨਕਾਰੀਆਂ ਦੇ ਦਬਾਅ ਹੇਠ ਆਈ ਪੁਲਿਸ ਵਲੋਂ ਦੇਰ ਸ਼ਾਮ 4 ਪੁਲਿਸ ਮੁਲਾਜ਼ਮਾਂ ਖਿਲਾਫ ਕੇਸ ਦਰਜ ਕਰ ਲਿਆ ਹੈ | ਇਨ੍ਹਾਂ ਪ੍ਰਦਰਸ਼ਨਕਾਰੀਆਂ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਸੀਨੀਅਰ ਆਗੂ ਨਵਨੀਤ ਕੁਮਾਰ ਗੋਪੀ ਕਰ ਰਹੇ ਸਨ | ਮੌਕੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਨੀਤ ਕੁਮਾਰ ਨੇ ਦੱਸਿਆ ਕਿ 26 ਜਨਵਰੀ ਨੂੰ ਚੰਦਰ ਨਗਰ ਦਾ ਰਹਿਣ ਵਾਲਾ ਰਣਜੋਧ ਸਿੰਘ ਆਪਣਾ ਕੰਮ ਖ਼ਤਮ ਕਰਕੇ ਵਾਪਸ ਘਰ ਜਾ ਰਿਹਾ ਸੀ ਕਿ ਪੁਰਾਣੇ ਸੈਸ਼ਨ ਚੌਂਕ ਨੇੜੇ ਉਸ ਦੀ ਕਾਰ ਇੱਕ ਦੂਜੀ ਕਾਰ ਨਾਲ ਟੱਕਰਾ ਗਈ, ਜਿਸ ਕਾਰਨ ਇਹ ਕਾਰ ਸਵਾਰ ਨੇ ਆਪਣੇ ਕੁਝ ਵਿਅਕਤੀ ਉੱਥੇ ਬੁਲਾ ਲਏ ਤੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ | ਉਨ੍ਹਾਂ ਦੱਸਿਆ ਕਿ ਕਾਰ ਚਾਲਕ ਰਸੂਖਦਾਰ ਹੋਣ ਕਾਰਨ ਪੁਲਿਸ ਵਲੋਂ ਤੁਰੰਤ ਰਣਜੋਧ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਸ ਨੰੂ ਪਹਿਲਾਂ ਪੁਲਿਸ ਚੌਂਕੀ ਅਤੇ ਫਿਰ ਥਾਣਾ ਡਿਵੀਜ਼ਨ ਨੰਬਰ ਅੱਠ ਵਿਚ ਲਿਜਾ ਕੇ ਅੰਨ੍ਹਾ ਤਸ਼ੱਦਦ ਕੀਤਾ ਗਿਆ | ਇਸ ਮੌਕੇ ਟੈਕਸੀ ਚਾਲਕ ਦੇ ਪਰਿਵਾਰਿਕ ਮੈਂਬਰਾਂ ਵਲੋਂ ਤਸ਼ੱਦਦ ਦੀਆਂ ਤਸਵੀਰਾਂ ਵੀ ਪੱਤਰਕਾਰਾਂ ਨੂੰ ਦਿਖਾਈਆਂ ਗਈਆਂ | ਇਹ ਪ੍ਰਦਰਸ਼ਨ ਲਗਾਤਾਰ ਬਾਅਦ ਦੁਪਹਿਰ ਤੱਕ ਚੱਲਦਾ ਰਿਹਾ, ਜਿਸ ਕਾਰਨ ਸ਼ਹਿਰ ਦੀ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ | ਪ੍ਰਦਰਸ਼ਨ ਕਰ ਰਹੇ ਪੁਲਿਸ ਮੁਲਾਜ਼ਮਾਂ ਤੇ ਕਾਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਨ ਦੀ ਮੰਗ ਕਰ ਰਹੇ ਸਨ | ਸਥਿਤੀ ਵਿਗੜਦੀ ਦੇਖ ਕੇ ਉੱਚ ਪੁਲੀਸ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਇਸ ਮਾਮਲੇ ਵਿਚ ਸ਼ਾਮਿਲ ਪੁਲਿਸ ਮੁਲਾਜ਼ਮਾਂ ਅਤੇ ਕਾਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਭਰੋਸਾ ਦਿੱਤਾ, ਜਿਸ 'ਤੇ ਇਹ ਪ੍ਰਦਰਸ਼ਨਕਾਰੀ ਸ਼ਾਂਤ ਹੋਏ | ਦੇਰ ਸ਼ਾਮ ਪੁਲਿਸ ਵਲੋਂ ਇਸ ਮਾਮਲੇ ਵਿਚ ਹੈੱਡ ਕਾਂਸਟੇਬਲ ਲਵਪ੍ਰੀਤ ਸਿੰਘ, ਦੀਪਕ ਸ਼ਰਮਾ, ਰੋਹਿਤ ਅਤੇ ਹੋਰ ਲਵਪ੍ਰੀਤ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਹੈ, ਜਦਕਿ ਟੈਕਸੀ ਚਾਲਕ ਦੀ ਜਿਸ ਕਾਰ ਨਾਲ ਟੱਕਰ ਹੋਈ ਸੀ ਉਨ੍ਹਾਂ ਕਾਰ ਸਵਾਰਾਂ ਖਿਲਾਫ ਵੀ ਪੁਲਿਸ ਵਲੋਂ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ਵਿਚ ਰਾਜੀਵ ਗੁਪਤਾ ਵਾਸੀ ਗਾਂਧੀ ਨਗਰ, ਅਜੈ ਸ਼ਰਮਾ ਵਾਸੀ ਕੁੰਦਨਪੁਰੀ ਅਤੇ ਇਕ ਅਣਪਛਾਤਾ ਨੌਜਵਾਨ ਸ਼ਾਮਿਲ ਹੈ | ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਹੈ |
ਟੈਕਸੀ ਚਾਲਕ 'ਤੇ ਪੁਲਿਸ ਦੇ ਅੰਨ੍ਹਾ ਤਸ਼ੱਦਦ ਕਰਨ ਦੇ ਮਾਮਲੇ 'ਚ ਲੋਕਾਂ ਵਲੋਂ ਮੁੱਖ ਚੌਕ 'ਤੇ ਜ਼ੋਰਦਾਰ ਪ੍ਰਦਰਸ਼ਨ
ਅਜੀਤ ਡੈਸਕ
31-01-2026