ਮਾਮਲਾ ਬੇਟ ਇਲਾਕੇ 'ਚ ਬੱਸ ਸਰਵਿਸ ਦੀ ਘਾਟ ਦਾ <br> ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਵਿਦਿਆਰਥੀ ਮਿਆਰੀ ਸਿੱਖਿਆ ਤੋਂ ਰਹਿ ਜਾਂਦੇ ਹਨ ਵਾਂਝੇ <br/>
ਬੱਸ ਅਤੇ ਸਵਾਰੀਆਂ ਦੀ ਉਡੀਕ ਕਰਦੇ ਹੋਏ ਪਿੰਡ ਚਾਹੜਾਂ, ਪਿੰਡ ਰੱਜੋਵਾਲ ਮੋੜਾਂ, ਪਿੰਡ ਕੁਤਬੇਵਾਲ ਗੁੱਜਰਾਂ ਆਦਿ ਦੀ ਖ਼ਾਲੀ ਬੱਸ ਅੱਡਿਆਂ ਦਾ ਦਿ੍ਸ਼ | ਤਸਵੀਰਾਂ-ਬਲਬੀਰ ਸਿੰਘ ਰਾਣਾ
<br/>
21-02-2026
ਲਾਡੋਵਾਲ, 20 ਫਰਵਰੀ-ਲੁਧਿਆਣਾ ਜ਼ਿਲ੍ਹੇ ਦੇ ਨਾਲ ਲੱਗਦੇ ਦਰਜਨਾਂ ਪਿੰਡਾਂ ਵਿਚ ਬੱਸ ਆਵਾਜਾਈ ਦੇ ਸਾਧਨਾਂ ਦੀ ਘਾਟ ਕਾਰਨ ਵੱਡੀ ਸਮੱਸਿਆ ਦੇਖਣ 'ਚ ਆਈ ਹੈ | ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਲੁਧਿਆਣਾ ਸ਼ਹਿਰ ਦਾ ਵਿਸਥਾਰ ਕਰਨ ਲਈ ਸੈਂਕੜੇ ਪਿੰਡਾਂ ਨੂੰ ਕਾਰਪੋਰੇਸ਼ਨ ਵਿਚ ਮਿਲਾਉਣ ਦੇ ਯਤਨ ਕੀਤੇ ਜਾ ਰਹੇ ਹਨ, ਪਰ ਬੇਟ ਇਲਾਕੇ ਦੇ ਕਈ ਅਜਿਹੇ ਪਿੰਡ ਹਨ, ਜਿਨ੍ਹਾਂ ਨੂੰ ਆਵਾਜਾਈ ਦੇ ਸਾਧਨ ਮੁਹੱਈਆ ਕਰਾਉਣ ਵਿਚ ਸਰਕਾਰ ਅਸਫਲ ਰਹੀ ਹੈ | ਆਵਾਜਾਈ ਦੇ ਸਾਧਨਾਂ ਦੀ ਘਾਟ ਕਰਕੇ ਇਲਾਕੇ ਦੇ ਵਿਦਿਆਰਥੀ ਪੜ੍ਹਾਈ ਅੱਧ ਵਿਚਕਾਰ ਛੱਡਣ ਲਈ ਮਜਬੂਰ ਹੋ ਜਾਂਦੇ ਹਨ, ਜਾਂ ਜਿਹੜੇ ਕੁੱਝ ਕੁ ਪੜ੍ਹ ਵੀ ਜਾਂਦੇ ਹਨ, ਉਹ ਆਵਾਜਾਈ ਦੇ ਸਾਧਨ ਨਾ ਹੋਣ ਕਰਕੇ ਨੌਕਰੀਆਂ ਤੋਂ ਵੀ ਵਾਂਝੇ ਰਹਿ ਜਾਂਦੇ ਹਨ | ਬੇਟ ਇਲਾਕੇ ਦੇ ਪਿੰਡਾਂ ਵਿਚ 7 ਬੱਸਾਂ ਪਰਮਿਟ 'ਤੇ ਚਲਾਈਆਂ ਜਾਣੀਆਂ ਸੀ, ਇੱਥੇ ਸਿਰਫ਼ ਇਕ ਪ੍ਰਾਈਵੇਟ ਬੱਸ ਹੀ ਰੋਜ਼ਾਨਾ ਆਪਣਾ ਰੂਟ ਤੈਅ ਕਰਦੀ ਹੈ, ਉਸ ਵਿਚ ਵਿਦਿਆਰਥੀ ਅਤੇ ਸਵਾਰੀਆਂ ਖਚਾਖਚ ਭਰ ਜਾਂਦੀਆਂ ਹਨ, ਲੇਕਿਨ ਆਵਾਜਾਈ ਦੇ ਸਾਧਨਾਂ ਦੀ ਸਮੱਸਿਆ ਕਾਰਨ ਵਿਦਿਆਰਥੀਆਂ ਦਾ ਭਵਿੱਖ ਵੀ ਧੁੰਦਲਾ ਹੋ ਜਾਂਦਾ ਹੈ ਕਿਉਂਕਿ ਪੇਂਡੂ ਇਲਾਕਾ ਹੋਣ ਕਾਰਨ ਮਾਪੇ ਆਪਣੇ ਬੱਚਿਆਂ ਦਾ ਰੋਜ਼ਾਨਾ ਮਹਿੰਗਾ ਖਰਚਾ ਨਹੀਂ ਚੁੱਕ ਸਕਦੇ | ਇਲਾਕੇ ਅੰਦਰ ਪੂਰੇ ਦਿਨ ਵਿਚ ਜੋ ਇਕ ਬੱਸ ਚੱਲਦੀ ਹੈ, ਉਸ ਦਾ ਗੇੜਾ ਹਰ ਦੋ ਘੰਟੇ ਬਾਅਦ ਹੀ ਹੁੰਦਾ ਹੈ, ਜੇਕਰ ਕਿਤੇ ਉਹ ਬੱਸ ਵੀ ਮਿਸ ਮਾਰ ਜਾਵੇ ਤਾਂ ਉਸ ਤੋਂ ਬਾਅਦ ਆਉਣ ਜਾਣ ਲਈ ਹੋਰ ਕੋਈ ਸਾਧਨ ਨਹੀਂ ਬਚਦਾ ਅਤੇ ਬੱਚਿਆਂ ਨੂੰ ਆਉਂਦੇ ਜਾਂਦੇ ਰਾਹੀਆਂ ਦੇ ਨਾਲ ਸਕੂਟਰ, ਮੋਟਰਸਾਈਕਲ ਤੇ ਬੈਠ ਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਪੈਂਦਾ ਹੈ | ਜਿਹੜੀ ਬੱਸ ਆਉਂਦੀ ਹੈ, ਉਹ ਹੰਬੜਾਂ ਤੋਂ ਨੂਰਪੁਰ ਬੇਟ, ਮਲਕਪੁਰ ਤੋਂ ਹੈਬੋਵਾਲ ਤੇ ਲੁਧਿਆਣਾ ਵਾਪਸ ਚਲੀ ਜਾਂਦੀ ਹੈ | ਜਦ ਕਿ ਨੂਰਪੁਰ ਬੇਟ, ਲਾਡੋਵਾਲ, ਬਾੜੇਵਾਲ, ਲਾਦੀਆਂ ਕਲਾਂ ਚੂਹੜਪੁਰ ਤੋਂ ਲੁਧਿਆਣਾ ਵਾਪਸੀ ਬੱਸਾਂ ਦਾ ਰੂਟ ਬਿਲਕੁਲ ਹੀ ਬੰਦ ਪਿਆ, ਜਦ ਕਿ ਲਾਡੋਵਾਲ ਤੋਂ ਮੁੱਲਾਂਪੁਰ ਰੂਟ 'ਤੇ ਵੀ ਕੋਈ ਬੱਸ ਨਹੀਂ ਚੱਲ ਸਕੀ | ਇਲਾਕੇ ਅੰਦਰ ਸਰਕਾਰੀ ਜਾਂ ਪ੍ਰਾਈਵੇਟ ਮਿਆਰੀ ਸਿੱਖਿਆ ਦਾ ਕਾਲਜ ਜਾਂ ਤਕਨੀਕੀ ਸਿੱਖਿਆ ਦਾ ਕਾਲਜ ਨਾ ਹੋਣ ਕਰਕੇ +2 ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਨਹੀਂ ਮਿਲ ਰਹੀ, ਫਿਰ ਜਿਹੜੇ ਪੜ੍ਹਨਾ ਵੀ ਚਾਹੁੰਦੇ ਹਨ, ਉਨ੍ਹਾਂ ਨੂੰ ਲੁਧਿਆਣਾ ਹੀ ਜਾਣਾ ਪੈਂਦਾ ਹੈ | ਫਿਰ ਵੀ 70 ਤੋਂ 80 ਫ਼ੀਸਦੀ ਬੱਚੇ ਸਾਧਨ ਨਾ ਹੋਣ ਕਰਕੇ ਘਰਾਂ ਵਿਚ ਬੈਠ ਜਾਂਦੇ ਹਨ | ਇਲਾਕੇ ਦੇ ਲੋਕਾਂ ਨੇ ਪੰਜਾਬ ਸਰਕਾਰ ਪਾਸੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਬੇਟ ਇਲਾਕੇ ਦੇ ਪਿੰਡਾਂ 'ਚ ਉਚੇਰੀ ਸਿੱਖਿਆ ਦਾ ਕਾਲਜ, ਟੈਕਨੀਕਲ ਕਾਲਜ ਬਣਾਇਆ ਜਾਵੇ ਅਤੇ ਬੱਸ ਸਰਵਿਸ ਮੁਹੱਈਆ ਕਰਵਾਈ ਜਾਵੇ ਤਾਂ ਜੋ ਲੋਕਾਂ ਨੂੰ ਆਉਣ-ਜਾਣ ਵਿਚ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ |