ਲੁਧਿਆਣਾ, 23 ਫਰਵਰੀ (ਡਾ. ਤਰਲੋਚਨ ਸਿੰਘ)-ਵਿਧਾਨ ਸਭਾ ਹਲਕਾ ਉੱਤਰੀ ਦੇ ਵਿਧਾਇਕ ਮਦਨ ਲਾਲ ਬੱਗਾ ਵਲੋਂ ਅੱਜ ਵਾਰਡ ਨੰਬਰ 91 ਅਧੀਨ ਪੈਂਦੇ ਗੁਰੂ ਨਾਨਕ ਪੁਰਾ ਵਿਖੇ 'ਕਿ੍ਕਟ ਜੋਏ ਬਾਕਸ' ਸਥਾਪਤ ਕਰਨ ਲਈ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ | ਇਹ ਖੇਡ ਸਹੂਲਤ ਲਗਭਗ 20.49 ਲੱਖ ਰੁਪਏ ਦੀ ਲਾਗਤ ਨਾਲ ਹਨੂੰਮਾਨ ਪਾਰਕ ਨੇੜੇ ਕੁੰਦਨਪੁਰੀ ਸਰਕਾਰੀ ਸਕੂਲ, ਗੁਰੂ ਨਾਨਕ ਪੁਰਾ ਵਿਖੇ ਸਥਾਪਿਤ ਕੀਤੀ ਜਾ ਰਹੀ ਹੈ | ਅੱਜ ਉਦਘਾਟਨ ਸਮਾਰੋਹ ਦੌਰਾਨ ਵਿਧਾਇਕ ਬੱਗਾ ਦੇ ਨਾਲ ਕੌਂਸਲਰ ਤੇਜਿੰਦਰ ਕੌਰ ਰਾਜਾ, ਤੇਜਿੰਦਰ ਸਿੰਘ ਰਾਜਾ, ਬਲਾਕ ਪ੍ਰਧਾਨ ਬੌਬੀ ਸ਼ਰਮਾ, ਅਨਿਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ | ਇਸ ਮੌਕੇ ਵਿਧਾਇਕ ਬੱਗਾ ਨੇ ਕਿਹਾ ਕਿ ਹਲਕੇ ਵਿਚ ਵਿਕਾਸ ਪ੍ਰੋਜੈਕਟਾਂ ਨੂੰ ਸ਼ੁਰੂ ਕਰਦੇ ਸਮੇਂ ਸਾਰੇ ਪਹਿਲੂਆਂ ਨੂੰ ਕਵਰ ਕੀਤਾ ਜਾ ਰਿਹਾ ਹੈ, ਭਾਵੇਂ ਉਹ ਸੜਕੀ ਬੁਨਿਆਦੀ ਢਾਂਚਾ, ਪਾਣੀ-ਸੀਵਰੇਜ ਲਾਈਨਾਂ, ਖੇਡ ਬੁਨਿਆਦੀ ਢਾਂਚਾ ਆਦਿ ਹੋਵੇ | ਹਲਕੇ ਦੇ ਹੋਰ ਹਿੱਸਿਆਂ ਵਿਚ ਵੀ ਇਸੇ ਤਰ੍ਹਾਂ ਦੇ ਖੇਡ ਬੁਨਿਆਦੀ ਢਾਂਚੇ ਵਿਕਸਤ ਕੀਤੇ ਗਏ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਅਜਿਹੇ ਹੋਰ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ | ਉਨ੍ਹਾਂ ਨੇ ਕਿਹਾ ਕਿ ਉਹ ਹਲਕੇ ਦੇ ਸਰਵਪੱਖੀ ਵਿਕਾਸ ਲਈ ਕੰਮ ਕਰ ਰਹੇ ਹਨ | ਜਨਤਾ ਨੂੰ ਵੱਡੇ ਪੱਧਰ 'ਤੇ ਸਹੂਲਤ ਦੇਣ 'ਤੇ ਧਿਆਨ ਕੇਂਦਰਿਤ ਕਰਦੇ ਹੋਏ ਉਹ ਨਿਯਮਤ ਤੌਰ 'ਤੇ ਜਨਤਾ ਨਾਲ ਉਨ੍ਹਾਂ ਦੀ ਫੀਡਬੈਕ ਪ੍ਰਾਪਤ ਕਰਨ ਲਈ ਗੱਲਬਾਤ ਵੀ ਕਰ ਰਹੇ ਹਨ |