ਲੁਧਿਆਣਾ, 26 ਫਰਵਰੀ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੂਜੇ ਦਿਨ ਵੀ ਮੇਅਰ ਕੈਂਪ ਦਫਤਰ ਵਿਖੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਿ੍ੰਸ ਜੌਹਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਨਗਰ ਨਿਗਮ ਕਮਿਸ਼ਨਰ ਡਾ. ਨੀਰੂ ਕਤਿਆਲ ਗੁਪਤਾ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਮੀਟਿੰਗ ਵਿਚ ਸ਼ਹਿਰ ਦੇ ਵਿਕਾਸ ਕਾਰਜਾਂ ਨਾਲ ਸੰਬੰਧਿਤ ਕਈ ਅਹਿਮ ਫੈਸਲੇ ਲਏ ਗਏ | ਮੀਟਿੰਗ ਦੇ ਦੂਜੇ ਦਿਨ 105 ਨਵੇਂ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਨਾਲ ਹੁਣ ਤੱਕ ਪਾਸ ਹੋਏ ਕੁੱਲ ਪ੍ਰਸਤਾਵਾਂ ਦੀ ਗਿਣਤੀ 205 ਹੋ ਗਈ ਹੈ | ਬਾਕੀ ਰਹਿੰਦੇ ਪ੍ਰਸਤਾਵਾਂ 'ਤੇ ਵਿਚਾਰ ਹੁਣ ਸੋਮਵਾਰ ਨੰੂ ਹੋਣ ਵਾਲੀ ਮੀਟਿੰਗ ਵਿਚ ਕੀਤਾ ਜਾਵੇਗਾ | ਮਨਜੂਰ ਕੀਤੇ ਗਏ ਪ੍ਰਸਤਾਵਾਂ ਵਿਚ ਸ਼ਹਿਰ ਦੀਆਂ ਮੁੱਖ ਅਤੇ ਗਲੀਆਂ ਦੀਆਂ ਸੜਕਾਂ ਦੀ ਉਸਾਰੀ ਤੇ ਮੁਰੰਮਤ, ਟਿਊਬਵੈਲ ਲਗਾਉਣਾ, ਪਾਣੀ ਸਪਲਾਈ ਸੁਧਾਰ ਅਤੇ ਹੋਰ ਬੁਨਿਆਦੀ ਸਹੂਲਤਾਂ ਨਾਲ ਸੰਬੰਧਿਤ ਕੰਮ ਸ਼ਾਮਲ ਹਨ | ਮੀਟਿੰਗ ਦੌਰਾਨ ਕਮੇਟੀ ਵਲੋਂ ਇਕ ਠੇਕੇਦਾਰ ਖਿਲਾਫ ਸਖਤ ਕਾਰਵਾਈ ਕਰਦਿਆਂ ਉਸ ਨੰੂ ਡੀਬਾਰ ਕਰ ਦਿੱਤਾ ਗਿਆ | ਇਹ ਕਾਰਵਾਈ ਉਸ ਵੇਲੇ ਕੀਤੀ ਗਈ, ਜਦੋਂ ਸੰਬੰਧਿਤ ਠੇਕੇਦਾਰ ਨੰੂ ਦਿੱਤਾ ਗਿਆ ਵਿਕਾਸ ਕੰਮ ਨਿਰਧਾਰਤ ਸਮੇਂ ਅੰਦਰ ਸ਼ੁਰੂ ਨਹੀ ਕੀਤਾ ਗਿਆ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਅਤੇ ਡਿਪਟੀ ਮੇਅਰ ਪਿ੍ੰਸ ਜੌਹਰ ਨੇ ਕਿਹਾ ਕਿ ਨਗਰ ਨਿਗਮ ਵਲੋਂ ਸ਼ਹਿਰ ਦੇ ਵਿਕਾਸ ਨੰੂ ਪਹਿਲ ਦਿੱਤੀ ਜਾ ਰਹੀ ਹੈ ਅਤੇ 31 ਮਾਰਚ ਤਕ ਵੱਡੀ ਗਿਣਤੀ ਵਿਚ ਸੜਕਾਂ ਦੀ ਉਸਾਰੀ ਤੇ ਮੁਰੰਮਤ ਦੇ ਕੰਮ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ | ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਵਿਚ ਦੇਰੀ ਕਰਨ ਜਾ ਲਾਪਰਵਾਹੀ ਕਰਨ ਵਾਲੇ ਠੇਕੇਦਾਰਾਂ, ਅਧਿਕਾਰੀਆਂ ਜਾਂ ਕਰਮਚਾਰੀਆਂ ਨੰੂ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਕਮੇਟੀ ਦੇ ਇਸ ਸਖਤ ਰੁਖ ਨਾਲ ਹੁਣ ਵਿਕਾਸ ਵਿਚ ਤੇਜੀ ਆਉਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ |