ਲੁਧਿਆਣਾ, 6 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਦਮੋੋਰੀਆ ਪੁਲ 'ਤੇ ਆਰਐਮਸੀ ਦੀ ਨਵੀਂ ਸੜਕ ਬਣਾਉਣ ਲਈ ਪੁਰਾਣੀ ਸੜਕ ਨੰੂ ਤੋੜ ਦਿੱਤਾ ਗਿਆ ਹੈ ਅਤੇ ਆਵਾਜਾਈ ਲਈ ਰਸਤਾ ਵੀ ਬੰਦ ਕਰ ਦਿੱਤਾ ਗਿਆ ਹੈ | ਪਰ ਹੈਰਾਨੀ ਦੀ ਗੱਲ ਹੈ ਕਿ ਸੜਕ ਤੋੜਨ ਤੋਂ ਬਾਅਦ ਹਾਲੇ ਤੱਕ ਨਿਗਮ ਵਲੋਂ ਨਵੀਂ ਸੜਕ ਦਾ ਕੰਮ ਸ਼ੁਰੂ ਨਹੀ ਕੀਤਾ ਗਿਆ | ਜਿਸ ਕਾਰਨ ਇਲਾਕੇ ਦੇ ਰਹਿਣ ਵਾਲਿਆਂ ਅਤੇ ਰੋਜਾਨਾ ਆਉਣ ਜਾਣ ਵਾਲੇ ਲੋਕਾਂ ਨੰੂ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੜਕ ਦੇ ਬੰਦ ਹੋਣ ਕਾਰਨ ਆਸ ਪਾਸ ਦੇ ਰਸਤਿਆਂ ਤੇ ਟ੍ਰੈਫਿਕ ਦਾ ਦਬਾਅ ਕਾਫੀ ਵੱਧ ਗਿਆ ਹੈ | ਖਾਸ ਕਰਕੇ ਸਵੇਰ ਅਤੇ ਸ਼ਾਮ ਦੇ ਸਮੇਂ ਘੰਟਾਘਰ ਅਤੇ ਨਜ਼ਦੀਕੀ ਸੜਕਾਂ 'ਤੇ ਭਾਰੀ ਜਾਮ ਦੀ ਸਥਿਤੀ ਬਣ ਜਾਂਦੀ ਹੈ | ਦਫਤਰਾਂ, ਦੁਕਾਨਾਂ ਅਤੇ ਸਕੂਲਾਂ ਵੱਲ ਜਾਣ ਵਾਲੇ ਲੋਕਾਂ ਨੰੂ ਲੰਮਾ ਚੱਕਰ ਲਗਾਕੇ ਆਪਣੀ ਮੰਜ਼ਿਲ ਤੱਕ ਪਹੁੰਚਣਾ ਪੈਂਦਾ ਹੈ, ਜਿਸ ਨਾਲ ਸਮੇਂ ਦੀ ਵੀ ਬਰਬਾਦੀ ਹੋ ਰਹੀ ਹੈ ਅਤੇ ਲੋਕਾਂ ਨੰੂ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਤੋਂ ਇਲਾਵਾ ਸੜਕ ਦੇ ਬੰਦ ਹੋਣ ਦੇ ਬਾਵਜੂਦ ਕਈ ਲੋਕ ਆਪਣੀ ਸੁਵਿਧਾ ਲਈ ਟੁੱਟੀ ਹੋਈ ਸੜਕ ਤੋਂ ਹੀ ਲੰਘਣ ਦੀ ਕੋਸ਼ਿਸ਼ ਕਰ ਰਹੇ ਹਨ | ਸਥਾਨਕ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੀ ਹਾਲਤ ਕਾਫੀ ਖਰਾਬ ਹੋ ਚੁੱਕੀ ਹੈ ਅਤੇ ਜੇ ਕੋਈ ਵਾਹਨ ਜਾਂ ਪੈਦਲ ਯਾਤਰੀ ਇਥੋਂ ਲੰਘਦਾ ਹੈ ਤਾਂ ਕਿਸੇ ਵੀ ਵੇਲੇ ਅਣਸੁਖਾਵੀਂ ਦੁਰਘਟਨਾ ਵਾਪਰ ਸਕਦੀ ਹੈ | ਲੋਕਾਂ ਨੇ ਦੱਸਿਆ ਕਿ ਇਥੇ ਕਿਸੇ ਤਰ੍ਹਾਂ ਦੀ ਢੰਗ ਦੀ ਸੁਰੱਖਿਆ ਵਿਵਸਥਾ ਵੀ ਨਹੀਂ ਕੀਤੀ ਗਈ, ਜਿਸ ਨਾਲ ਖਤਰਾ ਹੋਰ ਵੱਧ ਗਿਆ ਹੈ | ਸਥਾਨਕ ਲੋਕਾਂ ਅਤੇ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਨਗਰ ਨਿਗਮ ਵਲੋਂ ਸੜਕ ਤੋੜਨ ਦੇ ਨਾਲ ਹੀ ਤੁਰੰਤ ਕੰਮ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਇਹ ਹਾਲਾਤ ਪੈਦਾ ਨਾ ਹੁੰਦੇ | ਲੋਕਾਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਮੋਰੀਆ ਪੁਲ ਤੇ ਆਰਐਮਸੀ ਸੜਕ ਬਣਾਉਣ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕਰਕੇ ਮੁਕੰਮਲ ਕੀਤਾ ਜਾਵੇ ਤਾਂ ਜੋ ਇਲਾਕੇ ਵਿਚ ਪੈਦਾ ਹੋਈ ਟ੍ਰੈਫਿਕ ਸਮਸਿਆ ਤੋਂ ਲੋਕਾਂ ਨੰੂੰ ਰਾਹਤ ਮਿਲ ਸਕੇ ਅਤੇ ਸੰਭਾਵਿਤ ਹਾਦਸਿਆਂ ਤੋਂ ਵੀ ਬਚਾਅ ਕੀਤਾ ਜਾ ਸਕੇ |