ਲੁਧਿਆਣਾ, 6 ਮਾਰਚ (ਜਤਿੰਦਰ ਭੰਬੀ)-ਜਨਤਕ ਸੁਰੱਖਿਆ ਨਾਲ ਹੋ ਰਹੀ ਗੰਭੀਰ ਲਾਪਰਵਾਹੀ ਦੇ ਮਾਮਲੇ ਵਿਚ ਪਬਲਿਕ ਐਕਸ਼ਨ ਕਮੇਟੀ ਵਲੋਂ ਪਬਲਿਕ ਵਰਕਸ ਡਿਪਾਰਟਮੈਂਟ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਲੀਗਲ ਨੋਟਿਸ ਭੇਜਿਆ ਗਿਆ ਹੈ | ਇਹ ਨੋਟਿਸ ਦੱਖਣੀ ਬਾਈਪਾਸ (ਸੰਗੋਵਾਲ ਪੁਲ ਤੋਂ ਟਿੱਬਾ ਪੁਲ ਤੱਕ) ਸਿਧਵਾਂ ਨਹਿਰ ਦੇ ਨਾਲ ਲੱਗਦੇ ਹਿੱਸੇ 'ਤੇ ਲਾਜ਼ਮੀ ਕ੍ਰੈਸ਼ ਬੈਰੀਅਰ/ਗਾਰਡ-ਰੇਲ ਨਾ ਹੋਣ ਕਾਰਨ ਪੈਦਾ ਹੋ ਰਹੇ ਭਾਰੀ ਜਨ ਸੁਰੱਖਿਆ ਖਤਰੇ ਸਬੰਧੀ ਭੇਜਿਆ ਗਿਆ ਹੈ | ਪੀਏਸੀ ਨੇ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸੁਰੱਖਿਆ ਮਿਆਰਾਂ ਅਨੁਸਾਰ ਕ੍ਰੈਸ਼ ਬੈਰੀਅਰ ਲਗਾਉਣਾ ਲਾਜ਼ਮੀ ਹੈ, ਪਰ ਮੌਕੇ 'ਤੇ ਇਹ ਬੁਨਿਆਦੀ ਸੁਰੱਖਿਆ ਪ੍ਰਬੰਧ ਨਾ ਹੋਣ ਕਰਕੇ ਕਿਸੇ ਵੀ ਸਮੇਂ ਗੰਭੀਰ ਹਾਦਸਾ ਵਾਪਰ ਸਕਦਾ ਹੈ | ਇਹ ਹਾਲਤ ਨਾ ਸਿਰਫ਼ ਪ੍ਰਸ਼ਾਸਨਿਕ ਲਾਪਰਵਾਹੀ ਦਰਸਾਉਂਦੀ ਹੈ, ਸਗੋਂ ਆਮ ਲੋਕਾਂ ਦੀ ਜਾਨ ਨੂੰ ਖ਼ਤਰੇ ਵਿਚ ਪਾਉਂਦੀ ਹੈ | ਨੋਟਿਸ ਵਿਚ ਇਹ ਵੀ ਉਲੇਖ ਕੀਤਾ ਗਿਆ ਹੈ ਕਿ ਸੁਪਰੀਮ ਕੋਰਟ ਅਤੇ ਹਾਈ ਕੋਰਟਾਂ ਵਲੋਂ ਸੜਕ ਸੁਰੱਖਿਆ ਬਾਰੇ ਜਾਰੀ ਹਦਾਇਤਾਂ ਦੇ ਬਾਵਜੂਦ ਇਸ ਤਰ੍ਹਾਂ ਦੀ ਬੁਨਿਆਦੀ ਸੁਰੱਖਿਆ ਦੀ ਘਾਟ ਕਾਨੂੰਨੀ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰੀਆਂ ਦੀ ਸਪੱਸ਼ਟ ਉਲੰਘਣਾ ਹੈ | ਉਨ੍ਹਾਂ ਮੰਗ ਕੀਤੀ ਕਿ ਜਨਤਕ ਸੁਰੱਖਿਆ ਲਈ ਲੋੜੀਂਦੇ ਸਾਰੇ ਪ੍ਰਬੰਧ ਤੁਰੰਤ ਕੀਤੇ ਜਾਣ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਨਿਰਧਾਰਿਤ ਸਮੇਂ ਵਿਚ ਕਾਰਵਾਈ ਨਾ ਕੀਤੀ ਗਈ ਤਾਂ ਜਨਹਿੱਤ ਵਿਚ ਅਦਾਲਤ ਦਾ ਦਰਵਾਜ਼ਾ ਖੜਕਾਉਣ ਸਮੇਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਜਿਸ ਦੀ ਪੂਰੀ ਜ਼ਿੰਮੇਵਾਰੀ ਸੰਬੰਧਿਤ ਵਿਭਾਗ ਅਤੇ ਅਧਿਕਾਰੀਆਂ ਦੀ ਹੋਵੇਗੀ |