ਆਲਮਗੀਰ, 9 ਅਪ੍ਰੈਲ (ਜਰਨੈਲ ਸਿੰਘ ਪੱਟੀ)-ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਿੱਤਰ ਚਰਨ ਦੀ ਛੋਹ ਪ੍ਰਾਪਤ ਇਤਿਹਾਸਿਕ ਧਰਤੀ ਆਲਮਗੀਰ ਸਥਿਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਵਿਖੇ ਮਨਾਏ ਜਾ ਰਹੇ ਵਿਸਾਖੀ ਦੇ ਦਿਹਾੜੇ ਦੀਆਂ ਤਿਆਰੀਆਂ ਸਬੰਧੀ ਇਕ ਅਹਿਮ ਬੈਠਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਦੀ ਅਗਵਾਈ ਹੇਠ ਹੋਈ | ਇਸ ਮੌਕੇ ਐਸ.ਜੀ.ਪੀ.ਸੀ. ਮੈਂਬਰ ਜਥੇਦਾਰ ਆਲਮਗੀਰ ਨੇ ਦੱਸਿਆ ਕਿ 12 ਅਪ੍ਰੈਲ ਦਿਨ ਐਤਵਾਰ ਨੂੰ ਗੁਰਦੁਆਰਾ ਆਲਮਗੀਰ ਵਿਖੇ ਵੱਡੇ ਪੱਧਰ 'ਤੇ ਅੰਮਿ੍ਤ ਸੰਚਾਰ ਕਰਵਾਇਆ ਜਾ ਰਿਹਾ ਹੈ | 13 ਤਰੀਕ ਦਿਨ ਸੋਮਵਾਰ ਨੂੰ ਗੁਰਦੁਆਰਾ ਕਲਗੀਧਰ ਸਾਹਿਬ ਤੋਂ ਇਕ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਵਿਖੇ ਪਹੁੰਚੇਗਾ | ਉਨ੍ਹਾਂ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਵੱਧ ਤੋਂ ਵੱਧ ਗਿਣਤੀ ਵਿਚ ਨਗਰ ਕੀਰਤਨ ਵਿਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ | ਗੁਰਦੁਆਰਾ ਮੈਨੇਜਰ ਹਰਦੀਪ ਸਿੰਘ ਗਿੱਲ ਚੁਗਾਵਾਂ ਨੇ ਦੱਸਿਆ ਕਿ ਮਿਤੀ 14 ਅਪ੍ਰੈਲ ਦਿਨ ਮੰਗਲਵਾਰ ਨੂੰ ਵਿਸਾਖੀ ਦਾ ਦਿਹਾੜਾ ਬੜੀ ਸ਼ਰਧਾ ਅਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ | ਇਸ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕੀਰਤਨੀ, ਕਵੀਸ਼ਰੀ ਜਥੇ ਇਲਾਹੀ ਬਾਣੀ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ | ਉਨ੍ਹਾਂ ਦੱਸਿਆ ਕਿ 14 ਤਰੀਕ ਦਿਨ ਮੰਗਲਵਾਰ ਨੂੰ ਗੁਰਦੁਆਰਾ ਆਲਮਗੀਰ ਵਿਖੇ ਪੰਜ ਪਿਆਰਿਆਂ ਵਲੋਂ ਸ਼ਰਧਾਵਾਨ ਸੰਗਤਾਂ ਨੂੰ ਅੰਮਿ੍ਤ ਪਾਨ ਕਰਵਾਇਆ ਜਾਵੇਗਾ ਅਤੇ ਲੋੜਵੰਦ ਸੰਗਤਾਂ ਨੂੰ ਕਕਾਰ ਭੇਟਾ ਰਹਿਤ ਦਿੱਤੇ ਜਾਣਗੇ | ਇਸ ਮੌਕੇ ਰਾਜੂ ਦਿਉਲ ਆਲਮਗੀਰ, ਤਲਵਿੰਦਰ ਸਿੰਘ ਮੁਲਤਾਨੀ, ਮਨਪ੍ਰੀਤ ਸਿੰਘ ਮਣੀ ਖੱਟੜਾ, ਜਥੇਦਾਰ ਹਰਵਿੰਦਰ ਸਿੰਘ ਜੱਸੋਵਾਲ, ਦਮਨਪ੍ਰੀਤ ਸਿੰਘ, ਸੁਖਦੇਵ ਸਿੰਘ ਦੁਲੇਹ, ਬਲਦੇਵ ਸਿੰਘ ਆਲਮਗੀਰ, ਤਰਨਵੀਰ ਸਿੰਘ, ਹਰਪ੍ਰੀਤ ਸਿੰਘ, ਰਵਿੰਦਰ ਸਿੰਘ, ਜਸਵੀਰ ਸਿੰਘ ਜੱਸਾ, ਸਿਕੰਦਰ ਸਿੰਘ ਚੁਬਕੀ ਸਮੇਤ ਹੋਰ ਵੀ ਸੇਵਾਦਾਰ ਹਾਜ਼ਰ ਸਨ |