ਲੁਧਿਆਣਾ, 9 ਅਪ੍ਰੈਲ (ਜਸਵਿੰਦਰ ਸਿੰਘ)-ਗੁਰੂ ਨਾਨਕ ਸਟੇਡੀਅਮ ਵਿਖੇ ਪੰਜਾਬ ਬਾਸਕਟਬਾਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇਜਾ ਸਿੰਘ ਧਾਲੀਵਾਲ ਨੇ ਪੈੱ੍ਰਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ''ਅਕਾਲ ਯੁਗਤ ਭੁਲੱਥ ਬਾਸਕਟਬਾਲ ਲੀਗ'' ਦਾ ਮੁੱਖ ਉਦੇਸ਼ ਪਿੰਡਾਂ ਦੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਅਤੇ ਉਨਾਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਲਈ ਇਕ ਵਧੀਆ ਮੰਚ ਪ੍ਰਦਾਨ ਕਰਨਾ ਹੈ | ਉਨਾਂ ਦੱਸਿਆ ਕਿ ਲੀਗ ਦਾ ਉਦਘਾਟਨ ਸਮਾਰੋਹ 18 ਅਪ੍ਰੈਲ ਨੂੰ ਗੁਰੂ ਨਾਨਕ ਸਟੇਡੀਅਮ ਵਿਚ ਕਰਵਾਇਆ ਜਾਵੇਗਾ ਅਤੇ ਸਮਾਪਤੀ ਸਮਾਰੋਹ 20 ਜੂਨ ਹੋਵੇਗਾ | ਇਸ ਲੀਗ ਵਿਚ 4 ਪੁਰਸ਼ ਅਤੇ 4 ਮਹਿਲਾ ਟੀਮਾਂ ਹਿੱਸਾ ਲੈਣਗੀਆਂ | ਸਾਰੇ ਮੈਚ ਰਾਊਾਡ ਰੋਬਿਨ ਲੀਗ ਅਧੀਨ ਖੇਡੇ ਜਾਣਗੇ ਅਤੇ ਫਾਈਨਲ ਮੈਚ ਸਿਖਰ ਦੀਆਂ 2 ਟੀਮਾਂ ਵਿਚਕਾਰ ਖੇਡਿਆ ਜਾਵੇਗਾ | ਪਿੰਕਾ ਜਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਮੁੱਚੀ ਬਾਸਕਟਬਾਲ ਲੀਗ ਦੇ ਸਪਾਂਸਰ ਬਲ ਇਨਕਾਰਪੋਰੇਸ਼ਨ ਤੋਂ ਮੋਹਨਬੀਰ ਸਿੰਘ ਭੁਲੱਥ ਹੋਣਗੇ | ਉਨਾਂ ਕਿਹਾ ਕਿ ਪੁਰਸ਼ ਵਰਗ ਲਈ ਜਨਮ ਮਿਤੀ 01.01.2008 ਅਤੇ ਮਹਿਲਾ ਵਰਗ ਲਈ 01.01.2006 ਨਿਰਧਾਰਿਤ ਕੀਤੀ ਗਈ ਹੈ | ਇਨਾਮਾਂ ਬਾਰੇ ਦੱਸਦਿਆਂ ਉਨਾਂ ਕਿਹਾ ਕਿ ਜੇਤੂ ਟੀਮ ਨੂੰ 1,50,000 ਰੁਪਏ ਅਤੇ ਰਨਰਅਪ ਟੀਮ ਨੂੰ 1,00,000 ਰੁਪਏ ਦਿੱਤੇ ਜਾਣਗੇ | ਹਰ 'ਮੈਨ ਆਫ਼ ਦ ਮੈਚ' 10,000 ਰੁਪਏ ਪ੍ਰਾਪਤ ਕਰੇਗਾ | ਇਸ ਤੋਂ ਇਲਾਵਾ ਪੁਰਸ਼ ਵਰਗ ਦੇ ਐਮ.ਵੀ.ਪੀ. ਨੂੰ ਬੁਲੇਟ ਮੋਟਰਸਾਈਕਲ ਅਤੇ ਮਹਿਲਾ ਵਰਗ ਦੀ ਐਮ.ਵੀ.ਪੀ. ਨੂੰ ਹੌਂਡਾ ਐਕਟਿਵਾ ਇਨਾਮ ਵਜੋਂ ਦਿੱਤੀ ਜਾਵੇਗੀ | ਉਨਾਂ ਦੱਸਿਆ ਕਿ ਜੇਤੂ ਟੀਮਾਂ ਦੇ ਕੋਚਾਂ ਨੂੰ 40,000 ਰੁਪਏ ਅਤੇ ਰਨਰਅਪ ਟੀਮਾਂ ਦੇ ਕੋਚਾਂ ਨੂੰ 30,000 ਰੁਪਏ ਦਿੱਤੇ ਜਾਣਗੇ, ਜਦਕਿ ਹੋਰ ਟੀਮਾਂ ਦੇ ਕੋਚਾਂ ਨੂੰ 10,000 ਰੁਪਏ ਪ੍ਰਦਾਨ ਕੀਤੇ ਜਾਣਗੇ | ਸਾਰੇ ਖਿਡਾਰੀਆਂ ਨੂੰ 10,000 ਰੁਪਏ ਅਤੇ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ | ਅੰਤ ਵਿਚ ਤੇਜਾ ਸਿੰਘ ਧਾਲੀਵਾਲ ਨੇ ਸਾਰੇ ਖੇਡ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਲੀਗ ਨੂੰ ਵੱਡੇ ਪੱਧਰ 'ਤੇ ਪ੍ਰਚਾਰਿਤ ਕੀਤਾ ਜਾਵੇ ਅਤੇ ਇਸ ਨੂੰ ਕਾਮਯਾਬ ਬਣਾਉਣ ਵਿਚ ਸਹਿਯੋਗ ਦਿੱਤਾ ਜਾਵੇ |