ਭਾਮੀਆਂ ਕਲਾਂ, 9 ਅਪ੍ਰੈਲ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਪਿੰਡ ਨੂਰਵਾਲਾ ਵਿਖੇ ਸਾਬਕਾ ਸਰਪੰਚ ਸੁਰਜੀਤ ਸਿੰਘ ਗਰੇਵਾਲ ਦੇ ਸਹਿਯੋਗ ਨਾਲ ਐਸ.ਡੀ.ਪੀ. ਕਾਲਜ ਫ਼ਾਰ ਵੁਮੈਨ ਦੀ ਦਾਖਲਾ ਪ੍ਰਮੋਸ਼ਨ ਕਮੇਟੀ ਅਤੇ ਐਨ.ਐਸ.ਐਸ. ਯੂਨਿਟਾਂ ਵਲੋਂ ਇਕ ਸਫਲ ਆਊਟਰੀਚ-ਐਫ. ਸਮਾਗਮ ਕਰਵਾਇਆ ਗਿਆ, ਜਿਸਦਾ ਉਦੇਸ਼ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ ਅਤੇ ਭਾਈਚਾਰੇ ਨੂੰ ਸਸ਼ਕਤ ਬਣਾਉਣਾ ਸੀ | ਸਮਾਗਮ 'ਚ ਹਲਕਾ ਸਾਹਨੇਵਾਲ ਦੇ ਲਗਭਗ 30 ਪਿੰਡਾਂ ਦੇ ਸਰਪੰਚਾਂ, ਕੌਂਸਲਰਾਂ ਅਤੇ ਸਮਾਜ ਸੇਵੀ ਆਗੂਆਂ ਨੇ ਹਿੱਸਾ ਲਿਆ | ਇਸ ਮੌਕੇ ਸਾਬਕਾ ਸਰਪੰਚ ਸੁਰਜੀਤ ਸਿੰਘ ਗਰੇਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੇ ਐਨ.ਆਰ.ਆਈ. ਪਰਿਵਾਰ ਵਲੋਂ ਪਹਿਲਾਂ ਵੀ ਕੁੜੀਆਂ ਨੂੰ ਵਿੱਦਿਆ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਵਿਚ ਐਸ.ਡੀ.ਪੀ. ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ ਪੂਰਾ ਸਾਥ ਦਿੱਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਸੀਂ ਮਿਲ ਕੇ ਭਵਿੱਖ ਵਿਚ ਵੀ ਇਸੇ ਤਰ੍ਹਾਂ ਕੁੜੀਆਂ ਨੂੰ ਸਿੱਖਿਅਤ ਕਰਨ ਲਈ ਵਚਨਬੱਧ ਹਾਂ, ਸਾਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਕਿ ਤੁਸੀਂ ਵੀ ਇਸ ਮੁਹਿੰਮ ਵਿਚ ਵੱਖ-ਵੱਖ ਪਿੰਡਾਂ ਤੋਂ ਲੋੜਵੰਦ ਪਰਿਵਾਰਾਂ ਦੀਆਂ ਪੜ੍ਹਨ ਵਾਲੀਆਂ ਕੁੜੀਆਂ ਨੂੰ ਇਸ ਸੰਸਥਾ ਨਾਲ ਜੋੜਿਆ ਜਾਵੇ ਤਾਂ ਕਿ ਅਸੀਂ ਉਨ੍ਹਾਂ ਕੁੜੀਆਂ ਨੂੰ ਚੰਗੀ ਤਾਲੀਮ ਹਾਸਿਲ ਕਰਵਾਉਣ ਲਈ ਐਸ.ਡੀ.ਪੀ. ਸੰਸਥਾ ਨਾਲ ਮਿਲ ਕੇ ਇਸ ਪਹਿਲਕਦਮੀ ਨੂੰ ਅੱਗੇ ਵਧਾ ਸਕੀਏ | ਪਹੁੰਚੀਆਂ ਸ਼ਖ਼ਸੀਅਤਾਂ ਨੇ ਕੁੜੀਆਂ ਦੀ ਸਹਾਇਤਾ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਜੋ ਪੜ੍ਹਾਈ ਕਰਨਾ ਚਾਹੁੰਦੀਆਂ ਹਨ ਪਰ ਵਿੱਤੀ ਰੁਕਾਵਟਾਂ ਦਾ ਸਾਹਮਣਾ ਕਰਦੀਆਂ ਹਨ | ਹਾਜ਼ਰੀਨ ਨੇ ਕੁੜੀਆਂ ਦੀ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਪੂਰਾ ਸਮਰਥਨ ਦੇਣ ਦਾ ਵਾਅਦਾ ਕੀਤਾ | ਪਿ੍ੰਸੀਪਲ ਡਾ. ਰੰਜਨਾ ਸੂਦ ਨੇ ਸਰਪੰਚਾਂ ਅਤੇ ਮੈਂਬਰਾਂ ਦਾ ਉਨ੍ਹਾਂ ਦੀ ਪਹਿਲਕਦਮੀ ਲਈ ਧੰਨਵਾਦ ਕੀਤਾ | ਐਨ.ਐਸ.ਐਸ. ਅਫ਼ਸਰ ਸੁਖਜਿੰਦਰ ਕੌਰ, ਰੀਨਾ ਰਾਣੀ ਅਤੇ ਪ੍ਰੀਤੀ ਨਰੂਲਾ ਨੇ ਵਲੰਟੀਅਰਾਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਸਿਹਤਮੰਦ ਖ਼ੁਰਾਕ ਬਾਰੇ ਮਾਰਗ ਦਰਸ਼ਨ ਵੀ ਕੀਤਾ ਅਤੇ ਪਰਾਲੀ ਸਾੜਨ ਦੇ ਨੁਕਸਾਨਦੇਹ ਪ੍ਰਭਾਵਾਂ ਬਾਰੇ ਜਾਗਰੂਕਤਾ ਵੀ ਪੈਦਾ ਕੀਤੀ | ਇਹ ਸਮਾਗਮ ਸਿੱਖਿਆ ਅਤੇ ਭਾਈਚਾਰਕ ਵਿਕਾਸ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸੀ |