ਲੁਧਿਆਣਾ, 9 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਵਿਚ ਬਿਨਾਂ ਨਿਯਮਾਂ ਦੇ ਚੱਲ ਰਹੇ ਜੁਗਾੜ ਵਾਹਨਾਂ ਦੇ ਵਿਰੋਧ ਵਿਚ ਅੱਜ ਸ਼ਹੀਦ ਭਗਤ ਸਿੰਘ ਮਿਨੀ ਟਰਾਂਸਪੋਰਟ ਵੈਲਫੇਅਰ ਐਸੋਸੀਏਸ਼ਨ ਵਲੋਂ ਡੀ.ਸੀ. ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਐਸੋਸੀਏਸ਼ਨ ਆਗੂਆਂ ਤੇ ਮੈਬਰਾਂ ਵਲੋਂ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ ਤੇ ਮੰਗ ਪੱਤਰ ਵੀ ਦਿੱਤਾ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਮੰਦੀਪ ਸਿੰਘ ਨੇ ਦੋਸ਼ ਲਗਾਇਆ ਕਿ ਜੁਗਾੜ ਵਾਹਨਾਂ 'ਤੇ ਪਾਬੰਦੀ ਹੋਣ ਦੇ ਬਾਵਜੂਦ ਇਹ ਵਾਹਨ ਸ਼ਹਿਰ ਵਿਚ ਬੇਰੋਕ ਟੋਕ ਚੱਲ ਰਹੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਖੁੱਲੀ ਉਲੰਘਣਾ ਕਰ ਰਹੇ ਹਨ | ਉਨਾਂ ਕਿਹਾ ਕਿ ਕਈ ਵਾਹਨਾਂ ਤੇ ਨੰਬਰ ਪਲੇਟ ਵੀ ਨਹੀਂ ਹੁੰਦੀ ਅਤੇ ਗੈਰਕਾਨੂੰਨੀ ਢੰਗ ਨਾਲ ਸਮਾਨ ਦੀ ਢੁਆਈ ਵੀ ਕੀਤੀ ਜਾ ਰਹੀ ਹੈ | ਉਨਾਂ ਅੱਗੇ ਕਿਹਾ ਕਿ ਇਨਾਂ ਵਾਹਨਾਂ ਕੋਲ ਲੋੜੀਂਦੇ ਕਾਗਜ਼ਾਤ ਵੀ ਨਹੀਂ ਹੁੰਦੇ, ਪਰ ਇਸਦੇ ਬਾਵਜੂਦ ਪੁਲਿਸ ਪ੍ਰਸ਼ਾਸਨ ਵਲੋਂ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਹੈ | ਇਹ ਸਾਰਾ ਮਾਮਲਾ ਪ੍ਰਸ਼ਾਸਨ ਦੀ ਨਾਕਾਮੀ ਨੰੂ ਦਰਸਾਉਂਦਾ ਹੈ | ਆਗੂਆਂ ਨੇ ਮੰਗ ਕੀਤੀ ਕਿ ਜੁਗਾੜ ਵਾਹਨਾਂ ਤੇ ਤੁਰੰਤ ਰੋਕ ਲਗਾਈ ਜਾਵੇ ਅਤੇ ਨਿਯਮ ਤੋੜਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ | ਇਸ ਮੌਕੇ ਜੀਤਾ, ਨਿਰਮਲ, ਬਿੰਦੂ, ਰੇਸ਼ਮ ਸਮੇਤ ਹੋਰ ਮੈਂਬਰ ਵੀ ਮੌਜੂਦ ਸਨ |