ਲੁਧਿਆਣਾ, 25 ਅਪ੍ਰੈਲ (ਡਾ: ਤਰਲੋਚਨ ਸਿੰਘ)-ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮਕਸਦ ਨਾਲ ਜਿੱਥੇ ਹਰ ਜ਼ਿਲ੍ਹੇ ਵਿਚ ਮੁਹੱਲਾ ਕਲੀਨਿਕ ਖੋਲ੍ਹੇ ਗਏ ਹਨ, ਉਥੇ ਹੀ ਸਰਕਾਰੀ ਹਸਪਤਾਲਾਂ ਨੂੰ ਵੀ ਅਪਗ੍ਰੇਡ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਨ੍ਹਾਂ ਦਾਅਵਿਆਂ ਦੇ ਉਲਟ ਜੇਕਰ ਜ਼ਮੀਨੀ ਹਕੀਕਤ ਵੱਲ ਝਾਤੀ ਮਾਰੇ ਜਾਵੇ ਤਾਂ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਹਨ | ਲੋਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਾਲਾ ਜ਼ਿਲ੍ਹੇ ਦਾ ਸਰਕਾਰੀ ਸਿਵਲ ਹਸਪਤਾਲ ਖੁਦ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ ਜਾਪ ਰਿਹਾ ਹੈ | ਗਰਮੀਆਂ ਦੇ ਮੌਸਮ ਦੌਰਾਨ ਫੈਲਣ ਵਾਲੀਆਂ ਭਿਆਨਕ ਬਿਮਾਰੀਆਂ ਜਿਵੇਂ ਡੇਂਗੂ, ਮਲੇਰੀਆ, ਚਿਕਨਗੁਨੀਆ ਹੈਜ਼ਾ ਆਦਿ ਫੈਲਣ ਦਾ ਡਰ ਬਣਿਆ ਰਹਿੰਦਾ ਹੈ ਨੂੰ ਦੇਖਦਿਆਂ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਜਿੱਥੇ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਹੈ, ਉਥੇ ਹੀ ਰੇਹੜੀਆਂ ਫੜ੍ਹੀਆਂ ਆਦਿ ਦੇ ਇਕਾ-ਦੁੱਕਾ ਚਾਲਾਨ ਕਰਕੇ ਡੰਗ ਟਪਾਇਆ ਜਾ ਰਿਹਾ ਹੈ, ਪਰ ਕੀ ਸਿਹਤ ਵਿਭਾਗ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ 'ਚ ਫੈਲੀ ਗੰਦਗੀ ਤੋਂ ਅਣਜਾਣ ਹੈ, ਜਾਂ ਫਿਰ ਸਭ ਕੁੱਝ ਦੇਖਦਿਆਂ ਡੰਗ ਟਪਾਇਆ ਜਾ ਰਿਹਾ ਹੈ | ਸਿਵਲ ਹਸਪਤਾਲ ਦੇ ਅੰਦਰ ਠੰਡੇ ਪਾਣੀ ਵਾਲਾ ਵਾਟਰ ਕੂਲਰ ਲੱਗਾ ਤਾਂ ਹੋਇਆ ਹੈ, ਪਰ ਉਸ ਵਿਚੋਂ ਪਾਣੀ ਨਹੀਂ ਆ ਰਿਹਾ ਅਤੇ ਵਾਟਰ ਕੂਲਰ ਦੇ ਆਲੇ-ਦੁਆਲੇ ਹਰਿਆਲੀ ਜੰਮੀ ਹੋਈ ਹੈ ਅਤੇ ਪਾਣੀ ਖੜ੍ਹਾ ਹੋਇਆ ਹੈ, ਜਿਸ ਉਪਰ ਡੇਂਗੂ ਦੇ ਮੱਛਰ ਦਾ ਲਾਰਵਾ ਪੈਦਾ ਹੋ ਰਿਹਾ ਹੈ | ਅੱਤ ਦੀ ਪੈ ਰਹੀ ਗਰਮੀ ਕਾਰਨ ਮਰੀਜ਼ਾਂ ਦੇ ਨਾਲ ਰਿਸ਼ਤੇਦਾਰ ਪਾਣੀ ਦੀ ਭਾਲ ਵਿਚ ਇੱਧਰ ਓਧਰ ਭਟਕਦੇ ਨਜ਼ਰ ਆਉਂਦੇ ਰਹਿੰਦੇ ਹਨ | ਜੱਚਾ ਬੱਚਾ ਵਿਭਾਗ ਦੇ ਪਿਛਲੇ ਪਾਸੇ ਲੱਗੀਆਂ ਸੀਵਰੇਜ ਦੀਆਂ ਪਾਈਪਾਂ ਨਾਲ ਗੰਦਗੀ ਪਈ ਆਮ ਹੀ ਦੇਖੀ ਜਾ ਸਕਦੀ ਹੈ | ਜੱਚਾ ਬੱਚਾ ਵਿਭਾਗ ਦੇ ਪਿਛਲੇ ਪਾਸੇ ਸੀਵਰੇਜ ਹੋਲਾਂ ਦੇ ਢੱਕਣ ਗ਼ਾਇਬ ਹਨ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਹਾਦਸਾ ਵਾਪਰ ਸਕਦਾ ਹੈ, ਕਿਉਂਕਿ ਜੱਚਾ ਬੱਚਾ ਵਿਭਾਗ ਵਿਚ ਗਰਭਵਤੀ ਔਰਤਾਂ ਅਤੇ ਉਨ੍ਹਾਂ ਦੇ ਨਾਲ ਛੋਟੇ ਬੱਚਿਆਂ ਅਤੇ ਰਿਸ਼ਤੇਦਾਰਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ |
ਹਸਪਤਾਲ 'ਚ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਉਪਲਬਧ-ਐਸ. ਐਮ. ਓ.
ਇਸ ਸਬੰਧੀ ਜਦੋਂ ਸਿਵਲ ਹਸਪਤਾਲ ਦੇ ਐਸ.ਐਮ.ਓ. ਡਾ: ਅਖਿਲ ਸਰੀਨ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ 'ਚ ਮਰੀਜ਼ਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਹਸਪਤਾਲ ਵਿਚ ਮਰੀਜ਼ਾਂ ਲਈ ਸਾਰੀਆਂ ਸਹੂਲਤਾਂ ਉਪਲਬਧ ਹਨ | ਉਨ੍ਹਾਂ ਦੱਸਿਆ ਕਿ ਮਰੀਜ਼ਾਂ ਦੇ ਪੀਣ ਲਈ ਪਾਣੀ ਦਾ ਨਵਾਂ ਵਾਟਰ ਕੂਲਰ ਲਗਾਇਆ ਜਾ ਰਿਹਾ ਹੈ, ਜੋ ਅੱਜ ਸ਼ਾਮ ਤੱਕ ਲੱਗ ਜਾਵੇਗਾ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਨਵੇਂ ਉਸਾਰੇ ਜਾ ਰਹੇ ਵਾਰਡਾਂ ਦਾ ਕੰਮ ਚੱਲ ਰਿਹਾ ਹੈ, ਜਿਸ ਕਾਰਨ ਥੋੜ੍ਹੀ ਬਹੁਤੀ ਦਿੱਕਤ ਆ ਰਹੀ ਹੋਵੇਗੀ, ਪਰ ਮਰੀਜ਼ਾਂ ਅਤੇ ਉਨ੍ਹਾਂ ਦੇ ਨਾਲ ਆਏ ਰਿਸ਼ਤੇਦਾਰਾਂ ਲਈ ਹਸਪਤਾਲ 'ਚ ਹਰ ਸਹੂਲਤ ਮੌਜੂਦ ਹੈ |
ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਲਾ ਜ਼ਿਲ੍ਹੇ ਦਾ ਸਿਵਲ ਹਸਪਤਾਲ ਖੁਦ ਮੁੱਢਲੀਆਂ ਸਹੂਲਤਾਂ ਤੋਂ ਵਾਂਝਾ <br/>
ਅਜੀਤ ਡੈਸਕ
26-04-2026